ਸੁਲਤਾਨਪੁਰ ਲੋਧੀ, 20 ਮਈ (ਨਰੇਸ਼ ਹੈਪੀ)- ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਜੋ ਵੀ ਕਿਹਾ, ਉਹ ਕਰ ਵਿਖਾਇਆ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਨੇ ਸਥਾਨਕ ਵਾਰਡ ਨੰਬਰ 10 ਤੋਂ ਆਪ ਦੇ ਉਮੀਦਵਾਰ ਦਿਨੇਸ਼ ਧੀਰ ਦੇ ਚੋਣ ਦਫ਼ਤਰ ਦਾ ਮੁਹੱਲਾ ਪੁਰੀਆਂ ਵਿਖੇ ਉਦਘਾਟਨ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਕੀਤਾ | ਉਨ੍ਹਾਂ ਕਿਹਾ ਕਿ ਲੋਕ ਅਕਾਲੀ, ਭਾਜਪਾ ਤੇ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ ਕਿਉਂਕਿ ਮੌਜੂਦਾ ਆਪ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪਿਛਲੇ ਚਾਰ ਸਾਲਾਂ ਵਿੱਚ ਪੂਰਾ ਕਰ ਵਿਖਾਇਆ | ਉਨ੍ਹਾਂ ਇਹ ਵੀ ਕਿਹਾ ਕਿ ਪਾਵਨ ਨਗਰੀ ਦੇ ਲੋਕ ਬਹੁਤ ਹੀ ਸੂਝਵਾਨ ਹਨ ਤੇ ਲੋਕਾਂ ਨੂੰ ਪੁੱਠੇ ਰਸਤੇ ਲਗਾ ਕੇ ਨਸ਼ੇ ਤੇ ਪੈਸੇ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਨੇੜੇ ਨਹੀਂ ਲੱਗਣ ਦੇਣਗੇ ਤੇ ਸਾਫ਼ ਸੁਥਰੇ ਅਕਸ ਵਾਲਿਆਂ ਨੂੰ ਜਿਤਾਉਣਗੇ | ਉਨ੍ਹਾਂ ਦਾਅਵਾ ਵੀ ਕੀਤਾ ਕਿ 29 ਮਈ ਨੂੰ ਨਗਰ ਕੌਂਸਲ ਸੁਲਤਾਨਪੁਰ ਲੋਧੀ ਤੇ ਆਮ ਆਦਮੀ ਪਾਰਟੀ ਕਾਬਜ਼ ਹੋਵੇਗੀ | ਇਸ ਮੌਕੇ ਬੋਲਦੇ ਹੋਏ ਆਪ ਦੇ ਉਮੀਦਵਾਰ ਦਿਨੇਸ਼ ਧੀਰ ਨੇ ਵੋਟਰਾਂ ਨੂੰ ਭਰੋਸਾ ਦਵਾਇਆ ਕਿ ਉਹ ਜਿੱਤਣ ਉਪਰੰਤ ਪਹਿਲਾਂ ਵਾਂਗ ਹੀ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ | ਇਸ ਮੌਕੇ ਐਸ. ਡੀ. ਸਭਾ ਦੇ ਪ੍ਰਧਾਨ ਰਾਕੇਸ਼ ਧੀਰ, ਉਦਯੋਗਪਤੀ ਰਾਜ ਮੋਹਨ ਪੁਰੀ, ਪ੍ਰਥਮੇਸ਼ ਜੈਨ, ਰਜੇਸ਼ ਧੀਰ, ਅਸ਼ੋਕ ਧੀਰ, ਮੁਕੇਸ਼ ਧੀਰ, ਕਾਨਵ ਧੀਰ, ਈਸ਼ ਕੁਮਾਰ ਧੀਰ, ਸੋਨੂੰ ਸ਼ਾਹ, ਮੁਨੀਸ਼ ਕੋਹਲੀ, ਮਲਕੀਤ ਸਿੰਘ ਪ੍ਰਧਾਨ ਬੂੜੇਵਾਲ, ਰਮਨ ਧੀਰ, ਲੱਡ ਭਾਜੀ, ਡਾ. ਹੈਪੀ, ਪਿ੍ੰਸ, ਪਰਵਿੰਦਰ ਸਿੰਘ ਸੂਜੋਕਾਲੀਆ, ਬਲਜੀਤ ਸਿੰਘ, ਦੀਪਕ ਕੁਮਾਰ ਵੀ ਹਾਜ਼ਰ ਸਨ |