ਫਗਵਾੜਾ, 21 ਮਈ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਚੰਡੀਗੜ੍ਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵਲੋਂ ਸਬ ਡਵੀਜ਼ਨ ਫਗਵਾੜਾ ਦੇ ਪਿੰਡ ਪੰਡੋਰੀ ਵਿਖੇ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕਤਾ ਸੈਮੀਨਾਰ 'ਇਨਸਾਫ਼ ਸਭਨਾਂ ਲਈ' ਸਿਰਨਾਵੇਂ ਹੇਠ ਕਰਵਾਇਆ ਗਿਆ | ਜਿਸ ਦੇ ਤਹਿਤ ਪੈਰਾ ਲੀਗਲ ਸਲਾਹਕਾਰ ਸੁਰਿੰਦਰ ਪਾਲ ਸਿੰਘ, ਐਡਵੋਕੇਟ ਰਜਨੀ ਬਾਲਾ ਤੇ ਹੋਰਨਾਂ ਨੇ ਹਾਜ਼ਰੀਨ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵਲੋਂ ਦਿੱਤੀਆਂ ਜਾ ਰਹੀਆਂ ਕਾਨੂੰਨੀ ਸੇਵਾਵਾਂ ਪ੍ਰਤੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵਲੋਂ ਸਮਾਜ ਦੇ ਪਿਛਲੇ ਤੇ ਕਮਜ਼ੋਰ ਵਰਗਾਂ ਦੇ ਲੋਕਾਂ ਦੇ ਕਾਨੂੰਨੀ ਹੱਕਾਂ ਦੀ ਰਾਖੀ ਲਈ ਮੁਫ਼ਤ ਸਹਾਇਤਾ ਪ੍ਰਦਾਨ ਕਰਦੀ ਹੈ | ਇਹ ਸੇਵਾਵਾਂ ਹਾਸਲ ਕਰਨ ਲਈ ਮੁੱਖ ਤੌਰ 'ਤੇ ਅਨੁਸੂਚਿਤ ਜਾਤੀ ਜਾਂ ਕਬੀਲੇ ਦੇ ਮੈਂਬਰ, ਔਰਤਾਂ, ਬੱਚੇ, ਮਾਨਸਿਕ ਰੋਗੀ, ਅੰਗਹੀਣ, ਉਦਯੋਗਿਕ ਕਾਮੇ, ਜੇਲ੍ਹਾਂ 'ਚ ਬੰਦ ਹਵਾਲਾਤੀ ਤੇ ਕੈਦੀ ਜਾਂ ਹਿਰਾਸਤੀ, ਬੇਗਾਰ ਦੇ ਮਾਰੇ, ਵੱਡੀ ਮੁਸੀਬਤ ਜਾਂ ਕੁਦਰਤੀ ਆਫ਼ਤਾਂ ਦੇ ਮਾਰੇ, ਸਾਲਾਨਾ 3 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਲੋਕ ਯੋਗ ਸਮਝੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਦੌਰਾਨ ਅਦਾਲਤਾਂ ਵਿਚ ਵਕੀਲਾਂ ਦੀ ਫ਼ਰੀ ਸੇਵਾ, ਕੋਰਟ ਫ਼ੀਸ, ਤਲਵਾਨਾ ਫ਼ੀਸ, ਗਵਾਹਾਂ ਦੇ ਖ਼ਰਚੇ ਅਤੇ ਅਦਾਲਤੀ ਚਾਰਾਜੋਈ ਦੇ ਸਾਰੇ ਖ਼ਰਚੇ ਮੁਆਫ਼ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਦਾ ਮਕਸਦ ਮੁਫ਼ਤ ਕਾਨੂੰਨੀ ਸੇਵਾਵਾਂ ਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੰੁਚਾਉਣਾ ਹੈ ਤਾਂ ਜੋ ਕੋਈ ਵੀ ਲੋੜਵੰਦ ਇਹਨਾਂ ਸਹੂਲਤਾਂ ਦੀ ਜਾਣਕਾਰੀ ਦੀ ਘਾਟ ਵਿਚ ਨਿਆਂ ਹਾਸਲ ਕਰਨ ਤੋਂ ਵਾਂਝਾ ਨਾ ਰਹੇ | ਇਸ ਦੌਰਾਨ ਬੁਲਾਰਿਆਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਵੱਲ ਧਿਆਨ ਦੇਣ ਤਾਂ ਜੋ ਉਹ ਗਲਤ ਸੰਗਤ ਜਾਂ ਨਸ਼ਿਆਂ ਦਾ ਸ਼ਿਕਾਰ ਨਾ ਹੋਣ | ਅਖੀਰ ਵਿਚ ਸਰਪੰਚ ਵਿਜੇ ਕੁਮਾਰ ਪੰਡੋਰੀ ਨੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਦੇ ਉਪਰਾਲੇ ਨੂੰ ਆਮ ਲੋਕਾਂ ਲਈ ਲਾਹੇਵੰਦ ਦੱਸਿਆ ਅਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਪ੍ਰੇਮ ਕੁਮਾਰ ਪੰਚ, ਗੱਗੀ, ਗੁਰਸ਼ਰਨ ਸਿੰਘ, ਨੀਲਮ ਰਾਣੀ, ਤੋਸ਼ੀ ਰਾਣੀ, ਗੁਰਬਚਨਾ ਰਾਮ, ਸੁਰਜੀਤ ਕੌਰ, ਗੀਤਾ ਰਾਣੀ, ਕਾਂਤਾ ਰਾਣੀ, ਰਾਮ ਲੁਭਾਈ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜ਼ਰ ਸਨ |