ਕਪੂਰਥਲਾ, 24 ਮਈ (ਵਿਸ਼ੇਸ਼ ਪ੍ਰਤੀਨਿਧ)-ਨਗਰ ਨਿਗਮ ਦੇ ਵਾਰਡ ਨੰਬਰ 25 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ੍ਹ ਰਹੇ ਰਜਿੰਦਰ ਰਾਜੂ ਵਲੋਂ ਅੱਜ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਭਾਜਪਾ ਵਲੋਂ ਇਸ ਵਾਰਡ ਤੋਂ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ | ਇਸ ਸਬੰਧ ਵਿਚ ਹੋਏ ਸਮਾਗਮ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਸੂਬਾਈ ਆਗੂ ਉਮੇਸ਼ ਸ਼ਾਰਧਾ ਤੇ ਪਾਰਟੀ ਦੇ ਹੋਰ ਆਗੂਆਂ ਨੇ ਨਿਗਮ ਦੀ ਚੋਣ ਵਿਚ ਰਜਿੰਦਰ ਰਾਜੂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਤੇ ਭਾਜਪਾ ਵਿਚ ਸ਼ਾਮਲ ਹੋਣ 'ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਭਾਜਪਾ ਵਿਚ ਸ਼ਾਮਲ ਹੋਏ ਰਜਿੰਦਰ ਰਾਜੂ ਨੂੰ ਪਾਰਟੀ ਦਾ ਜ਼ਿਲ੍ਹੇ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਬੋਲਦਿਆਂ ਰਜਿੰਦਰ ਰਾਜੂ ਨੇ ਕਿਹਾ ਕਿ ਉਨ੍ਹਾਂ ਲੰਮਾ ਸਮਾਂ ਕਾਂਗਰਸ ਪਾਰਟੀ ਵਿਚ ਕੰਮ ਕੀਤਾ, ਪ੍ਰੰਤੂ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਉਨ੍ਹਾਂ ਵਾਰਡ ਨੰਬਰ 25 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ੍ਹਨ ਦਾ ਫੈਸਲਾ ਲਿਆ ਸੀ ਤੇ ਅੱਜ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਹਨ | ਇਸ ਮੌਕੇ ਭਾਜਪਾ ਆਗੂ ਐਡਵੋਕੇਟ ਹੈਰੀ ਸ਼ਰਮਾ, ਅਸ਼ੋਕ ਮਾਹਲਾ, ਕਮਲ ਪ੍ਰਭਾਕਰ, ਸੰਜੀਵ ਖੰਨਾ, ਦਵਿੰਦਰ ਧੀਰ, ਹਰਸ਼ਿਤ ਖੰਨਾ ਤੋਂ ਇਲਾਵਾ ਭਾਜਪਾ ਦੇ ਆਗੂ ਤੇ ਰਜਿੰਦਰ ਰਾਜੂ ਦੇ ਸਮਰਥਕ ਵੱਡੀ ਗਿਣਤੀ ਵਿਚ ਹਾਜ਼ਰ ਸਨ | .