ਖਲਵਾੜਾ, 25 ਮਈ (ਮਨਦੀਪ ਸਿੰਘ ਸੰਧੂ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ. ਟੀ. ਐੱਫ.) ਦੀ ਫਗਵਾੜਾ ਇਕਾਈ ਦੀ ਸੰਖੇਪ ਮੀਟਿੰਗ ਉਪਰੰਤ ਆਗੂਆਂ ਨੇ ਪੈੱ੍ਰਸ ਬਿਆਨ 'ਚ ਦੱਸਿਆ ਕਿ ਅੱਜਕੱਲ੍ਹ ਪੰਜਾਬ ਦੇ ਮੁਲਾਜ਼ਮ ਜਿਨ੍ਹਾਂ ਵਿਚੋਂ ਜ਼ਿਆਦਾਤਰ ਅਧਿਆਪਕ ਹੀ ਹਨ, ਵੰਨ ਸੁਵੰਨੀਆਂ ਗੈਰ ਵਿੱਦਿਅਕ ਡਿਊਟੀਆਂ ਵਿਚ ਉਲਝਾ ਦਿੱਤੇ ਗਏ ਹਨ | ਇੱਕ ਪਾਸੇ ਜਨਗਣਨਾ ਦੀ ਡਿਊਟੀ ਸ਼ੁਰੂ ਹੋ ਗਈ ਹੈ, ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਡਰੱਗ ਸੈਂਸਜ ਵੀ ਬਰਾਬਰ ਚੱਲ ਰਹੀ ਹੈ | ਇਸ ਤੋਂ ਪਹਿਲਾਂ ਚੋਣ ਵਿਭਾਗ ਦੀ ਭਾਰੀ ਭਰਕਮ ਸਪੈਸ਼ਲ ਇੰਟਨਸਿਵ ਰਵੀਜ਼ਨ ਨੇ ਅਧਿਆਪਕਾਂ ਦੀ ਬਹੁਤ ਵੱਡੀ ਗਿਣਤੀ ਨੂੰ ਸਕੂਲਾਂ ਚੋਂ ਬਾਹਰ ਧੱਕਿਆ ਹੋਇਆ ਹੈ | ਏਥੇ ਹੀ ਬਸ ਨਹੀਂ ਕਾਰਪੋਰੇਸ਼ਨ ਦੀਆਂ ਚੋਣਾਂ ਕਰਵਾਉਣ ਦੀ ਵੀ ਘੋਸ਼ਣਾ ਹੋ ਗਈ ਹੈ ਤੇ ਅਧਿਆਪਕ ਸਕੂਲ ਛੱਡ ਕੇ ਚੋਣ ਰਿਹਰਸਲ ਤੇ ਭੇਜ ਦਿੱਤੇ ਗਏ ਹਨ | ਇਹਨਾਂ ਸਾਰੇ ਕੰਮਾਂ ਨੇ ਸਕੂਲਾਂ ਵਿਚ ਪੜ੍ਹਾਈ ਦਾ ਏਨਾ ਨੁਕਸਾਨ ਕਰ ਦਿੱਤਾ ਹੈ,ਜਿਸਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ | ਡੀ.ਟੀ.ਐੱਫ ਦੇ ਸਥਾਨਕ ਆਗੂਆਂ ਗੁਰਮੁਖ ਲੋਕਪ੍ਰੇਮੀ, ਜਤਿੰਦਰ ਕੁਮਾਰ, ਹਰਜਿੰਦਰ ਨਿਆਣਾ, ਸਤਨਾਮ ਪਰਮਾਰ, ਮਲਕੀਤ ਸਿੰਘ ਅਤੇ ਵਿਸ਼ੇਸ਼ ਤੌਰ ਤੇ ਸ਼ਾਮਿਲ ਜ਼ਿਲ੍ਹਾ ਆਗੂ ਹਰਵਿੰਦਰ ਅੱਲੂਵਾਲ ਤੇ ਤਜਿੰਦਰ ਸਿੰਘ ਨੇ ਸਰਕਾਰ ਵੱਲੋਂ ਪ੍ਰਚਾਰੀ ਜਾਂਦੀ ਸਿੱਖਿਆ ਕ੍ਰਾਂਤੀ ਨੂੰ ਕਟਿਹਰੇ ਵਿਚ ਖੜ੍ਹਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਜ਼ਿਆਦਾਤਰ ਵਿਦਿਆਰਥੀ ਗਰੀਬ ਤੇ ਨਿਮਨ ਮੱਧਵਰਗੀ ਪਰਿਵਾਰਾਂ ਨਾਲ ਸਬੰਧਿਤ ਹੁੰਦੇ ਹਨ , ਜਿਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ | ਇਵੇਂ ਹੀ ਸਿੱਖਿਆ ਵਿਭਾਗ ਦੀ ਵੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ, ਉਸਨੇ ਆਪਣੇ ਲਗਭਗ 80 ਪ੍ਰਤੀਸ਼ਤ ਸਟਾਫ਼ ਨੂੰ ਇਹਨਾਂ ਡਿਊਟੀਆਂ ਵਾਸਤੇ ਭੇਜਿਆ ਦਿੱਤਾ ਹੈ | ਜਿੱਥੇ ਇਹਨਾਂ ਸਾਰੀਆਂ ਡਿਊਟੀਆਂ ਨੂੰ ਪੜਾਅ ਵਾਰ ਭੁਗਤਾਇਆ ਜਾ ਸਕਦਾ ਸੀ, ਓਥੇ ਹਰੇਕ ਵਿਭਾਗ 'ਚੋਂ ਅਨੁਪਾਤ ਅਨੁਸਾਰ ਅਮਲਾ ਲਿਆ ਜਾ ਸਕਦਾ ਸੀ | ਇਸ ਮੌਕੇ ਸੁਰਿੰਦਰ ਰਾਮ, ਸੁਖਜਿੰਦਰ ਸਿੰਘ, ਸਤਿੰਦਰ ਕੁਮਾਰ ਅਤੇ ਕੁਲਦੀਪਕ ਕਾਲੀਆ ਅਤੇ ਸ਼ਸ਼ੀ ਕੁਮਾਰ ਸਿੰਘ ਆਦਿ ਵੀ ਹਾਜ਼ਰ ਸਨ |