ਭੁਲੱਥ, 25 ਮਈ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਪੰਜਾਬ ਸਰਕਾਰ ਦੀ 'ਮੇਰੀ ਰਸੋਈ ਸਕੀਮ' ਤਹਿਤ ਨੀਲੇ ਕਾਰਡ ਧਾਰਕਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਪ ਆਗੂ ਤੇ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਰਸ਼ਪਾਲ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ 'ਮੇਰੀ ਰਸੋਈ' ਕੇਵਲ ਇੱਕ ਸਕੀਮ ਨਹੀਂ, ਸਗੋਂ ਲੋੜਵੰਦ ਪਰਿਵਾਰਾਂ ਲਈ ਵੱਡਾ ਸਹਾਰਾ ਹੈ | ਉਨ੍ਹਾਂ ਦੱਸਿਆ ਕਿ ਰਾਸ਼ਨ ਕਿੱਟ ਵਿਚ ਦੋ ਕਿੱਲੋ ਦਾਲ, ਦੋ ਕਿੱਲੋ ਖੰਡ, ਇੱਕ ਲੀਟਰ ਸਰੋਂ ਦਾ ਤੇਲ, ਹਲਦੀ, ਨਮਕ ਅਤੇ ਹੋਰ ਜ਼ਰੂਰੀ ਸਮਾਨ ਲਾਭਪਾਤਰੀਆਂ ਨੂੰ ਦਿੱਤਾ ਗਿਆ, ਜੋ ਡੀਪੂ ਹੋਲਡਰਾਂ ਰਾਹੀਂ ਮੁਹੱਈਆ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਨੀਲੇ ਕਾਰਡ ਦੇ ਧਾਰਕ ਆਪਣੇ ਸਬੰਧਿਤ ਡੀਪੂ ਹੋਲਡਰ ਤੋਂ ਇਹ ਰਾਸ਼ਨ ਕਿੱਟ ਹਾਸਲ ਕਰ ਸਕਦੇ ਹਨ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੂਰਜ ਕੁਮਾਰ, ਕੌਂਸਲਰ ਗੌਰਵ ਸਭਰਵਾਲ, ਡੀਪੂ ਹੋਲਡਰ ਅਜੈ ਬਾਲੀ ਅਤੇ ਹੋਰ ਹਾਜ਼ਰ ਸਨ |