02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਕੇਂਦਰੀ ਜੇਲ੍ਹ ਵਿਚ ਵਾਪਰੀ ਘਟਨਾ ਦੌਰਾਨ ਤਿੰਨ ਹਵਾਲਾਤੀ ਹੋਏ ਗੰਭੀਰ ਜ਼ਖ਼ਮੀ, ਦੋ ਨੂੰ ਕੀਤਾ ਰੈਫਰ <br/>

Ad Position 21
No active advertisement
ਅਜੀਤ ਡੈਸਕ 26-05-2026
ਕਪੂਰਥਲਾ, 25 ਮਈ (ਅਮਰਜੀਤ ਸਿੰਘ ਸਡਾਨਾ)-ਬੀਤੀ ਦੇਰ ਰਾਤ ਕੇਂਦਰੀ ਜੇਲ੍ਹ ਵਿਖੇ ਕੈਦੀਆਂ ਵਲੋਂ ਕੀਤੇ ਗਏ ਹੰਗਾਮੇ ਦੇ ਮਾਮਲੇ ਸਬੰਧੀ ਜਖ਼ਮੀ ਹੋਏ ਤਿੰਨ ਕੈਦੀਆਂ ਨੂੰ ਦੇਰ ਰਾਤ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਤੇ ਦੋਵਾਂ ਕੈਦੀਆਂ ਨੂੰ ਮੁੱਢਲੇ ਇਲਾਜ ਉਪਰੰਤ ਅੰਮਿ੍ਤਸਰ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ ਹੈ | ਇਸ ਸਬੰਧੀ ਐੱਸ.ਐਮ.ਓ. ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਜੇਲ੍ਹਤੋਂ ਗੁਰਪ੍ਰੀਤ ਸਿੰਘ ਤੇ ਦਿਲਪ੍ਰੀਤ ਸਿੰਘ ਨੂੰ ਜਖ਼ਮੀ ਹਾਲਤ ਵਿਚ ਐਮਰਜੈਂਸੀ ਵਾਰਡ ਵਿਖੇ ਲਿਆਂਦਾ ਗਿਆ ਸੀ, ਜਿਨ੍ਹਾਂ ਦਾ ਡਿਊਟੀ ਡਾਕਟਰ ਵਲੋਂ ਮੁੱਢਲਾ ਇਲਾਜ ਕਰਨ ਉਪਰੰਤ ਗੰਭੀਰ ਹਾਲਤ ਨੂੰ ਦੇਖਦਿਆਂ ਅੰਮਿ੍ਤਸਰ ਦੇ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ ਹੈ | ਦੂਸਰੇ ਪਾਸੇ ਮਾਡਰਨ ਜੇਲ੍ਹਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਗੌਰਵ ਤੂਰਾ ਤੇ ਐੱਸ.ਪੀ. ਜੇਲ੍ਹਸ਼ਾਮਿਲ ਜੋਤੀ ਨੇ ਦੱਸਿਆ ਕਿ ਜੇਲ੍ਹਦੇ ਫੇਜ਼ 1 ਦੇ ਬਲਾਕ ਨੰਬਰ 4 ਵਿਚ ਦੋ ਧਿਰਾਂ ਦਰਮਿਆਨ ਝਗੜਾ ਹੋਇਆ ਸੀ, ਜੋ ਕਿ ਕਾਫ਼ੀ ਅੱਗੇ ਵੱਧ ਗਿਆ ਤੇ ਸਥਿਤੀ ਤਣਾਅਪੂਰਨ ਹੋ ਗਈ | ਐੱਸ.ਐੱਸ.ਪੀ. ਨੇ ਦੱਸਿਆ ਕਿ ਰਾਤ ਕਰੀਬ ਸਵਾ 9 ਵਜੇ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਮਿਲੀ, ਜਿਸ ਉਪਰੰਤ ਵੱਡੀ ਗਿਣਤੀ ਵਿਚ ਪੁਲਿਸ ਟੀਮਾਂ ਤੇ ਹੋਰ ਉੱਚ ਅਧਿਕਾਰੀ ਜੇਲ੍ਹਵਿਖੇ ਪਹੁੰਚੇ ਤੇ ਜੇਲ੍ਹਪ੍ਰਸ਼ਾਸਨ ਦੇ ਸਹਿਯੋਗ ਨਾਲ ਪੁਲਿਸ ਬੱਲ ਵਰਤਦੇ ਹੋਏ ਕੈਦੀਆਂ ਨੂੰ ਦੁਬਾਰਾ ਬੈਰਕਾਂ ਵਿਚ ਬੰਦ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਕੁੱਝ ਕੈਦੀਆਂ ਪੌੜੀਆਂ ਦਾ ਗੇਟ ਅਤੇ ਜਾਲੀ ਤੋੜ ਕੇ ਛੱਤ 'ਤੇ ਚੜ੍ਹਗਏ ਸਨ, ਜਿਨ੍ਹਾਂ ਨੂੰ ਵੀ ਸਖ਼ਤ ਕਾਰਵਾਈ ਕਰਦਿਆਂ ਹੇਠਾਂ ਉਤਾਰਿਆ ਗਿਆ | ਉਨ੍ਹਾਂ ਦੱਸਿਆ ਕਿ ਬੈਰਕ ਦੇ ਬਾਹਰ ਕੁੱਝ ਸਮਾਨ ਨੂੰ ਕੈਦੀਆਂ ਵਲੋਂ ਅੱਗ ਵੀ ਲਗਾਈ ਗਈ, ਪਰ ਜੇਲ੍ਹਤੋੜਣ ਆਦਿ ਦੀਆਂ ਗੱਲਾਂ ਸਿਰਫ਼ ਅਫ਼ਵਾਹਾਂ ਹਨ | ਐੱਸ.ਐੱਸ.ਪੀ. ਤੂਰਾ ਨੇ ਦੱਸਿਆ ਕਿ ਇਸ ਬੈਰਕ ਵਿਚ ਖ਼ਤਰਨਾਕ ਕਿਸਮ ਦੇ ਅਪਰਾਧੀ ਰਹਿੰਦੇ ਹਨ, ਜਿਨ੍ਹਾਂ 'ਤੇ 4 ਜਾਂ 4 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਤੇ ਇਨ੍ਹਾਂ ਕੈਦੀਆਂ ਦੇ ਆਪਸੀ ਗੁਟਾਂ ਵਿਚ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਟਸਲ ਚੱਲਦੀ ਰਹਿੰਦੀ ਹੈ, ਜੋ ਕਿ ਕੱਲ ਲੜ੍ਹਾਈ ਦਾ ਰੂਪ ਧਾਰ ਗਈ | ਜੇਲ੍ਹਅੰਦਰੋਂ ਕੈਦੀਆਂ ਦੀਆਂ ਵੀਡਿਓ ਵਾਇਰਲ ਹੋਣ ਅਤੇ ਕੈਦੀਆਂ ਵਲੋਂ ਜੇਲ੍ਹਪ੍ਰਸ਼ਾਸਨ 'ਤੇ ਕੁੱਟਮਾਰ ਕਰਨ ਦੇ ਲਗਾਏ ਗੰਭੀਰ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਐੱਸ.ਐੱਸ.ਪੀ. ਗੌਰਵ ਤੂਰਾ ਨੇ ਕਿਹਾ ਕਿ ਪੁਲਿਸ ਕਰਮਚਾਰੀਆਂ ਨੇ ਕੈਦੀਆਂ ਦੀ ਕੁੱਟਮਾਰ ਨਹੀਂ ਕੀਤੀ ਤੇ ਇਹ ਆਪਸੀ ਲੜ੍ਹਾਈ ਕਾਰਨ ਹੀ ਸਥਿਤੀ ਵਿਗੜੀ ਹੈ | ਜੇਲ੍ਹਵਿਚ ਜੈਮਰ ਲੱਗੇ ਹੋਣ ਦੇ ਬਾਵਜੂਦ ਕੈਦੀ ਤੇ ਹਵਾਲਾਤੀਆਂ ਵਲੋਂ ਅੰਦਰੋਂ ਵੀਡਿਓ ਵਾਇਰਲ ਕਰਨਾ ਤੇ ਮੇੋਬਾਈਲ 'ਤੇ ਲਾਈਵ ਹੋਣ ਸਬੰਧੀ ਪੁੱਛੇ ਸਵਾਲ ਨੂੰ ਟਾਲਦੇ ਹੋਏ ਐੱਸ.ਐੱਸ.ਪੀ. ਨੇ ਕਿਹਾ ਕਿ ਬੀਤੀ ਰਾਤ ਦੀ ਘਟਨਾ ਤੋਂ ਬਾਅਦ ਕੁੱਝ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਹਵਾਲਾਤੀਆਂ ਪਾਸ ਜੋ ਡੰਡੇ ਅਤੇ ਲੋਹੇ ਦੀਆਂ ਰਾਡਾਂ ਸਨ, ਉਹ ਵੀ ਬਰਾਮਦ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਕੈਦੀਆਂ ਦੇ ਧੜੇ ਵਲੋਂ ਪੁਲਿਸ ਕਰਮਚਾਰੀਆਂ 'ਤੇ ਵੀ ਹਮਲਾ ਕੀਤਾ ਗਿਆ ਸੀ, ਜਿਸ ਨੂੰ ਜੇਲ੍ਹਪ੍ਰਸ਼ਾਸਨ ਨੇ ਸੂਝ ਬੂਝ ਨਾਲ ਟਾਲਿਆ ਤੇ ਇਸ ਹਮਲੇ ਵਿਚ ਕੋਈ ਵੀ ਜੇਲ੍ਹਵਿਖੇ ਤਾਇਨਾਤ ਪੁਲਿਸ ਕਰਮਚਾਰੀ ਜਖ਼ਮੀ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਵਾਪਰੀ ਘਟਨਾ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ ਤੇ ਮਾਮਲੇ ਦੀ ਤਫਤੀਸ਼ ਵੀ ਜਾਰੀ ਹੈ |
ਜੇਲ੍ਹ ਵਿਚ ਵਾਪਰੀ ਘਟਨਾ ਤੇ ਵਾਇਰਲ ਵੀਡੀਓ ਨੇ ਜੇਲ੍ਹ ਪ੍ਰਸ਼ਾਸਨ 'ਤੇ ਖੜ੍ਹੇ ਕੀਤੇ ਕਈ ਤਰ੍ਹਾਂ ਦੇ ਸਵਾਲ
ਬੀਤੀ ਰਾਤ ਕੇਂਦਰੀ ਜੇਲ੍ਹ ਵਿਖੇ ਵਾਪਰੀ ਘਟਨਾ ਉਪਰੰਤ ਪੁਲਿਸ ਵਲੋਂ ਸਥਿਤੀ ਨੂੰ ਕਾਬੂ ਤਾਂ ਕਰ ਲਿਆ, ਪਰ ਕੈਦੀਆਂ ਵਲੋਂ ਵੀਡਿਓ ਵਾਇਰਲ ਕਰਕੇ ਸ਼ਰੇਆਮ ਜੇਲ੍ਹ ਅਧਿਕਾਰੀਆਂ 'ਤੇ ਕੁੱਟਮਾਰ ਅਤੇ ਤਸ਼ੱਦਦ ਕਰਨ ਦੇ ਲਗਾਏ ਗਏ ਦੋਸ਼ ਜੇਲ੍ਹ ਪ੍ਰਸ਼ਾਸਨ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੇ ਹਨ | ਦੂਸਰੇ ਪਾਸੇ ਜੇਲ੍ਹਵਿਚ ਜੈਮਰ ਹੋਣ ਦੀ ਗੱਲ ਤਾਂ ਕਹੀ ਜਾਂਦੀ ਹੈ, ਪਰ ਸ਼ਰੇਆਮ ਮੋਬਾਈਲਾਂ ਦੀ ਵਰਤੋਂ ਤੇ ਵੀਡਿਓ ਵਾਇਰਲ ਹੋਣ ਦੀਆਂ ਘਟਨਾਵਾਂ ਨੇ ਸੁਰੱਖਿਆ ਪ੍ਰਬੰਧਾਂ ਦੀ ਵੀ ਪੋਲ ਖੋਲ੍ਹ ਦਿੱਤੀ ਹੈ | ਭਾਵੇਂ ਜੇਲ੍ਹ ਅਤੇ ਪੁਲਿਸ ਪ੍ਰਸ਼ਾਸਨ ਇਸ ਘਟਨਾ ਨੂੰ ਦੋ ਧਿਰਾਂ ਦੀ ਲੜ੍ਹਾਈ ਦੱਸ ਰਿਹਾ ਹੈ, ਪਰ ਭਰੋਸੇਯੋਗ ਸੂਤਰਾਂ ਅਨੁਸਾਰ ਜੇਲ੍ਹ ਵਿਚ ਬੈਰਕ ਤਬਦੀਲੀ ਦੀਆਂ ਕਾਰਵਾਈਆਂ ਨੂੰ ਲੈ ਕੇ ਵੀ ਇਸ ਘਟਨਾ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ | ਵੀਡਿਓ ਵਿਚ ਜੇਲ੍ਹ ਅੰਦਰ ਬੰਦ ਕੈਦੀਆਂ ਵਲੋਂ ਪੁਲਿਸ ਅਧਿਕਾਰੀਆਂ ਦੇ ਨਾਂਅ ਲੈ ਕੇ ਉਨ੍ਹਾਂ 'ਤੇ ਕੁੱਟਮਾਰ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਵਾਇਰਲ ਵੀਡਿਓ ਦੇਖ ਕੇ ਇਹ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ, ਇਹ ਦੋ ਧਿਰਾਂ ਦੀ ਆਪਸੀ ਲੜ੍ਹਾਈ ਨਹੀਂ ਸਗੋਂ ਕੈਦੀਆਂ ਦਾ ਜੇਲ੍ਹਪ੍ਰਸ਼ਾਸਨ ਵਿਰੁੱਧ ਰੋਸ ਜੋ ਕਿ ਦੇਰ ਰਾਤ ਵਾਪਰੀ ਘਟਨਾ ਵਿਚ ਬਾਹਰ ਆ ਗਿਆ | ਜੇਲ੍ਹਦੀ ਇਸ ਘਟਨਾ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਵੀ ਇਸ ਵਾਇਰਲ ਵੀਡਿਓ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਤੇ ਸੂਬਾ ਸਰਕਾਰ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦੀ ਤਰਜ਼ 'ਤੇ ਪੰਜਾਬ ਵੀ ਤੇਲ 'ਤੇ ਟੈਕਸ ਘਟਾਏ-ਵਿਜੈ ਸਾਂਪਲਾ ਅਗਲੀ ਖ਼ਬਰ ਮਾਡਰਨ ਜੇਲ੍ਹ ਵਿਚੋਂ ਤੰਬਾਕੂ ਮਿਲਣ ਸੰਬੰਧੀ ਪੈਸਕੋ ਕਰਮਚਾਰੀ ਤੇ ਇਕ ਕੈਦੀ ਵਿਰੁੱਧ ਕੇਸ ਦਰਜ
Ad Position 24