ਸੁਲਤਾਨਪੁਰ ਲੋਧੀ, 26 ਮਈ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਸ਼ਹਿਰ ਅੰਦਰ ਅੱਜ ਨਗਰ ਕੌਂਸਲ ਦੇ 13 ਵਾਰਡਾਂ ਦੀਆਂ ਹੋਈਆਂ ਚੋਣਾਂ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਈ ਗਈ | ਸਮੁੱਚੇ ਸ਼ਹਿਰ ਅੰਦਰ ਪੁਲਿਸ ਵੱਲੋਂ ਚੱਪੇ ਚੱਪੇ ਤੇ ਪੁਲਿਸ ਮੁਲਾਜ਼ਮ ਲਗਾਏ ਹੋਏ ਸਨ ਤੇ ਗਸ਼ਤ ਤੇਜ਼ ਕੀਤੀ ਹੋਈ ਸੀ | ਵੱਡੀ ਗਿਣਤੀ ਵਿਚ ਪੁਲਿਸ ਪਾਰਟੀਆਂ ਸ਼ਹਿਰ ਵਿਚ ਗਸ਼ਤ ਕਰਦੀਆਂ ਰਹੀਆਂ | ਕੁੱਝ ਸੰਵੇਦਨਸ਼ੀਲ ਵਾਰਡਾਂ ਵਿਚ ਪੁਲਿਸ ਅਧਿਕਾਰੀ ਮੌਜੂਦ ਰਹੇ ਤੇ ਪੂਰੀ ਤਰ੍ਹਾਂ ਨਿਗਰਾਨੀ ਕੀਤੀ ਗਈ | ਇਸ ਮੌਕੇ ਨਾਕਾਬੰਦੀ ਕਰਕੇ ਬਾਹਰੀ ਵਿਅਕਤੀਆਂ ਨੂੰ ਦਾਖਲ ਹੋਣ ਤੋਂ ਰੋਕਿਆ ਗਿਆ | ਵੋਟਾਂ ਪੈਣ ਦੌਰਾਨ ਇੱਕਾ ਦੁੱਕਾ ਵਾਰਡਾਂ ਵਿਚ ਮਾਮੂਲੀ ਤਕਰਾਰਬਾਜ਼ੀ ਵਰਕਰਾਂ ਵਿਚ ਵਿਖਾਈ ਦਿੱਤੀ ਜਿਸ ਨੂੰ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਨਿਬੇੜਿਆ ਤੇ ਉਨ੍ਹਾਂ ਨੂੰ ਵੱਖੋ-ਵੱਖ ਕੀਤਾ | ਇਨ੍ਹਾਂ ਚੋਣਾਂ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਐਸ.ਐਸ.ਪੀ. ਕਪੂਰਥਲਾ ਸ਼੍ਰੀ ਗੌਰਵ ਤੂਰਾ ਵੱਲੋਂ ਸ਼ਹਿਰ ਦੇ ਕਈ ਵਾਰਡਾਂ ਦਾ ਨਿਰੀਖਣ ਕੀਤਾ ਗਿਆ ਤੇ ਤਾਇਨਾਤ ਅਧਿਕਾਰੀਆਂ ਕੋਲੋਂ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ | ਇਸ ਮੌਕੇ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ 13 ਵਾਰਡਾਂ ਵਿਚੋਂ ਕੁੱਝ ਸੰਵੇਦਨਸ਼ੀਲ ਵਾਰਡਾਂ ਤੇ ਪੁਲਿਸ ਅਧਿਕਾਰੀ ਪੂਰੀ ਤਰ੍ਹਾਂ ਮੁਸਤੈਦ ਰਹੇ ਤੇ ਸਮੂਹ ਵਾਰਡ ਨਿਗਰਾਨੀ ਵਾਰਡਾਂ ਵਿਚ ਨਿਗਰਾਨੀ ਕੀਤੀ ਗਈ | ਸ਼ਹਿਰ ਦੇ ਵੋਟਰਾਂ ਵੱਲੋਂ ਪੂਰੇ ਅਮਨ ਅਮਾਨ ਤੇ ਭਾਈਚਾਰੇ ਨਾਲ ਵੋਟਾਂ ਪਾਈਆਂ | ਇਸ ਮੌਕੇ ਐਸ.ਪੀ.ਡੀ. ਹਰਿੰਦਰ ਸਿੰਘ, ਡੀ.ਐਸ.ਪੀ. ਸੁਖਪਾਲ ਸਿੰਘ ਰੰਧਾਵਾ ਵੀ ਹਾਜ਼ਰ ਸਨ |