ਫਗਵਾੜਾ, 28 ਮਈ (ਅਸ਼ੋਕ ਕੁਮਾਰ ਵਾਲੀਆ)-ਕੇ.ਐਲ. ਚਾਂਦ ਵੈੱਲਫੇਅਰ ਟਰੱਸਟ ਯੂ.ਕੇ. ਦੀ ਪੰਜਾਬ ਇਕਾਈ ਵਲੋਂ ਸੂਬਾ ਕੋਆਰਡੀਨੇਟਰ ਰਾਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਅੰਗਹੀਣਾਂ ਦੀ ਸੇਵਾ ਸਹਾਇਤਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ 2 ਲੋੜਵੰਦਾਂ ਨੂੰ ਵੀਲ ਚੇਅਰਾਂ ਭੇਟ ਕੀਤੀਆਂ ਗਈਆਂ | ਇਸ ਦੇ ਨਾਲ ਹੀ ਇੱਕ ਲੋੜਵੰਦ ਨੌਜਵਾਨ ਮਰੀਜ਼ ਦੇ ਪਰਿਵਾਰ ਨੂੰ ਇਲਾਜ ਲਈ ਨਗਦ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਚੇਅਰਮੈਨ ਯਸ਼ ਬਰਨਾ ਤੋਂ ਇਲਾਵਾ ਸਮਾਜ ਸੇਵਕ ਰਮਨ ਨਹਿਰਾ, ਡਾ. ਰਮਨ ਸ਼ਰਮਾ ਤੇ ਜਸਵਿੰਦਰ ਸਿੰਘ ਭਗਤਪੁਰਾ ਨੇ ਟਰੱਸਟ ਵਲੋਂ ਅੰਗਹੀਣਾਂ ਤੇ ਮਰੀਜ਼ਾਂ ਲਈ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਸਮਾਜ ਦੇ ਲੋੜਵੰਦ ਵਰਗ ਲਈ ਮਸੀਹਾ ਬਣ ਕੇ ਸਾਹਮਣੇ ਆਈ ਹੈ | ਟਰੱਸਟ ਦੇ ਸੂਬਾ ਕੋਆਰਡੀਨੇਟਰ ਰਾਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਸਵ. ਸ਼ਿੰਦੋ ਬੰਗੜ ਯੂ.ਕੇ. ਦੇ ਪਰਿਵਾਰ ਵਲੋਂ ਪ੍ਰਾਪਤ ਹੋਈ ਆਰਥਕ ਸਹਾਇਤਾ ਦੇ ਨਾਲ ਇਹ ਪ੍ਰੋਜੈਕਟ ਕੀਤੇ ਗਏ ਹਨ | ਜਿਸ ਤਹਿਤ ਇੱਕ ਵੀਲ ਚੇਅਰ ਮੁਹੱਲਾ ਭਗਤਪੁਰਾ ਤੇ ਇੱਕ ਹੋਰ ਵੀਲ ਚੇਅਰ ਸੱਚਰਾਂ ਮੁਹੱਲਾ ਦੇ ਲੋੜਵੰਦ ਨੂੰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਕ ਲੋੜਵੰਦ ਪਰਿਵਾਰ ਦਾ ਨੌਜਵਾਨ ਜਿਸ ਦੇ ਦਿਮਾਗ਼ ਵਿਚ ਹਾਦਸੇ ਕਾਰਨ ਸੱਟ ਲੱਗੀ ਹੈ, ਉਸ ਦੇ ਇਲਾਜ ਲਈ 10 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ ਗਈ ਹੈ | ਇਸ ਮੌਕੇ ਟਰੱਸਟ ਦੀ ਕੈਸ਼ੀਅਰ ਆਸ਼ਾ ਰਾਣੀ, ਜਸਵਿੰਦਰ ਸਿੰਘ ਠੇਕੇਦਾਰ ਅਕਾਲਗੜ੍ਹ, ਗੁਰਨਾਮ ਪਾਲ ਅਕਾਲਗੜ੍ਹ, ਸ਼ਿੰਗਾਰਾ ਰਾਮ, ਕੈਲਵਿਨ ਚੁੰਬਰ, ਰਾਜਕੁਮਾਰ, ਨੰਦ ਲਾਲ, ਸ਼ਵੇਤਾ, ਜਗਜੀਵਨ ਸਿੰਘ, ਬਲਵੀਰ ਆਬਾਦੀ, ਲਾਡੀ ਗੋਬਿੰਦਪੁਰਾ ਆਦਿ ਹਾਜ਼ਰ ਸਨ |