ਕਾਲਾ ਸੰਘਿਆਂ, 30 ਮਈ (ਬਲਜੀਤ ਸਿੰਘ ਸੰਘਾ)-ਅੱਜ ਸਵੇਰੇ ਤੜਕਸਾਰ ਕਾਲਾ ਸੰਘਿਆਂ ਬੱਸ ਸਟੈਂਡ ਨਜ਼ਦੀਕ ਜਲੰਧਰ ਰੋਡ ਤੇ ਸਥਿਤ ਇਲੈਕਟ੍ਰੀਕਲ ਦੀ ਦੁਕਾਨ ਤੋਂ ਚੋਰੀ ਕਰਦੀਆਂ ਔਰਤਾਂ ਦਾ ਗਰੋਹ ਲੋਕਾਂ ਵੱਲੋਂ ਕਾਬੂ ਕੀਤਾ ਗਿਆ | ਇਕੱਤਰ ਜਾਣਕਾਰੀ ਅਨੁਸਾਰ ਤੜਕੇ ਕਰੀਬ 6 ਵਜੇ ਦੋ ਔਰਤਾਂ ਜਿਨਾਂ ਨੇ ਉਕਤ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਕੇ ਕੀਮਤੀ ਸਮਾਨ ਚੋਰੀ ਕਰ ਲਿਆ | ਇਸੇ ਦੌਰਾਨ ਦੁਕਾਨ ਮਾਲਕ ਰੋਜ਼ਾਨਾ ਦੀ ਤਰਾਂ ਸੈਰ ਕਰਨ ਲਈ ਦੁਕਾਨ ਵੱਲ ਆਇਆ ਤੇ ਉਸ ਨੇ ਵੇਖਿਆ ਕਿ ਉਸ ਦੀ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਇਹ ਔਰਤਾਂ ਸਮਾਨ ਚੱਕ ਕੇ ਉੱਥੋਂ ਜਾ ਰਹੀਆਂ ਸਨ ਜਿਸ 'ਤੇ ਦੁਕਾਨਦਾਰ ਨੇ ਰੌਲਾ ਪਾਇਆ ਤੇ ਉੱਥੇ ਕੁਝ ਲੋਕ ਇਕੱਠੇ ਹੋਏ ਜਿਨਾਂ ਨੇ ਔਰਤਾਂ ਨੂੰ ਰੋਕਿਆ | ਇਹਨਾਂ ਔਰਤਾਂ ਨੂੰ ਰੋਕਣ ਤੇ ਇਹ ਔਰਤਾਂ ਸਥਾਨਕ ਲੋਕਾਂ ਦੇ ਨਾਲ ਉਲਝ ਪਈਆਂ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ ਜਿਸ ਉਪਰੰਤ ਲੋਕਾਂ ਨੇ ਸਖ਼ਤੀ ਵਰਤ ਕੇ ਇਹਨਾਂ ਔਰਤਾਂ ਨੂੰ ਕਾਬੂ ਕੀਤਾ | ਇਕੱਤਰ ਲੋਕਾਂ ਨੇ ਦੱਸਿਆ ਕਿ ਇਹਨਾਂ ਔਰਤਾਂ ਦੀ ਗਿਣਤੀ ਦਰਜਨ ਦੇ ਕਰੀਬ ਸੀ ਜੋ ਮੌਕੇ ਤੋਂ ਫ਼ਰਾਰ ਹੋ ਗਈਆਂ ਜਦਕਿ ਦੋ ਔਰਤਾਂ ਲੋਕਾਂ ਨੇ ਕਾਬੂ ਕਰ ਲਈਆਂ ਇਸੇ ਤਰਾਂ ਘਟਨਾ ਵਾਲੀ ਥਾਂ ਤੋਂ ਥੋੜੀ ਦੂਰੀ ਤੋਂ ਦੋ ਔਰਤਾਂ ਜੋ ਇਹਨਾਂ ਦੇ ਨਾਲ ਦੀਆਂ ਦੱਸੀਆਂ ਜਾਂਦੀਆਂ ਹਨ ਨੂੰ ਵੀ ਕਾਬੂ ਕੀਤਾ ਗਿਆ | ਇਹਨਾਂ ਔਰਤਾਂ ਨੂੰ ਕਾਬੂ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਇਹਨਾਂ ਦੀਆਂ ਸਾਥਣਾਂ ਇੱਕ ਗੱਡੀ ਵਿਚ ਸਵਾਰ ਹੋ ਗਈਆਂ ਅਤੇ ਹੋਰਾਂ ਥਾਵਾਂ ਤੋਂ ਚੋਰੀ ਕੀਤਾ ਸਮਾਨ ਉਨਾਂ ਦੇਖਦੇ ਹੀ ਦੇਖਦੇ ਗੱਡੀ ਵਿਚ ਸੁੱਟ ਦਿੱਤਾ ਅਤੇ ਇਹ ਦੋ ਔਰਤਾਂ ਗੱਡੀ ਵਿਚ ਚੜ ਨਾ ਸਕੀਆਂ ਕਿਉਂਕਿ ਗੱਡੀ ਚਾਲਕ ਦਾ ਲੋਕ ਪਿੱਛਾ ਕਰਦੇ ਹੋਣ ਕਾਰਨ ਉਹ ਗੱਡੀ ਮੌਕੇ ਤੋਂ ਭਜਾ ਕੇ ਫ਼ਰਾਰ ਹੋ ਗਿਆ ਜਿਸ ਕਾਰਨ ਇਹ ਔਰਤਾਂ ਗੱਡੀ ਵਿਚ ਨਹੀਂ ਚੜ ਸਕੀਆਂ ਅਤੇ ਲੋਕਾਂ ਨੇ ਕਾਬੂ ਕਰ ਲਈਆਂ | ਲੋਕਾਂ ਨੇ ਇਹਨਾਂ ਔਰਤਾਂ ਨੂੰ ਕਾਬੂ ਕਰਕੇ ਸਥਾਨਕ ਪੁਲਿਸ ਹਵਾਲੇ ਕੀਤਾ ਜਿਸ ਤੇ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਦੱਸੀ ਜਾ ਰਹੀ ਹੈ | ਲੋਕਾਂ ਨੇ ਪੁਲਿਸ ਤੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਔਰਤਾਂ ਲੋਕਾਂ ਨੂੰ ਧਮਕੀਆਂ ਦੇ ਰਹੀਆਂ ਸਨ ਕਿ ਜੇਕਰ ਤੁਸੀਂ ਸਾਨੂੰ ਨਾ ਛੱਡਿਆ ਤਾਂ ਅਸੀਂ ਆਪਣੇ ਕੱਪੜੇ ਪਾੜ ਕੇ ਤੁਹਾਡੇ 'ਤੇ ਕਾਰਵਾਈ ਕਰਵਾ ਦੇਵਾਂਗੀਆਂ ਇਹਨਾਂ ਔਰਤਾਂ ਨੇ ਲੋਕਾਂ ਨਾਲ ਹੱਥੋਪਾਈ ਹੋਣ ਦੀ ਕੋਸ਼ਿਸ਼ ਵੀ ਕੀਤੀ ਗਈ | ਇੱਥੇ ਵਰਣਨਯੋਗ ਹੈ ਕਿ ਇੱਕ ਹਫ਼ਤਾ ਪਹਿਲਾਂ ਇਸ ਕਸਬੇ ਵਿਚ ਇੱਕ ਵੱਡੀ ਚੋਰੀ ਹੋਈ ਸੀ ਜਿਸ ਵਿਚ ਚੋਰਾਂ ਵੱਲੋਂ ਘਰ ਦੀ ਤਾਕੀ ਪੱਟ ਕੇ ਲੱਗਦੀ ਤੇ ਸੋਨਾ ਚੋਰੀ ਕਰ ਲਿਆ ਗਿਆ ਸੀ, ਉਸ ਦੀ ਵੀ ਤਫ਼ਤੀਸ਼ ਚੱਲ ਰਹੀ ਹੈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਐਸਐਚਓ ਸਦਰ ਕਪੂਰਥਲਾ ੲੈ.ਐਸ.ਆਈ. ਅਮਰਜੀਤ ਸਿੰਘ ਚੌਂਕੀ ਇੰਚਾਰਜ ਕਾਲਾ ਸੰਘਿਆਂ ਨੇ ਦੱਸਿਆ ਕਿ ਲੋਕਾਂ ਵੱਲੋਂ ਕਾਬੂ ਕੀਤੀਆਂ ਇਹਨਾਂ ਔਰਤਾਂ 'ਤੇ ਕਾਨੂੰਨ ਮੁਤਾਬਿਕ ਬਣਦੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੀਆਂ ਬਾਕੀ ਸਾਥਣਾਂ ਗੱਡੀ ਵਿਚ ਸਵਾਰ ਹੋ ਕੇ ਦੂਜੀਆਂ ਔਰਤਾਂ ਮੌਕੇ ਤੋਂ ਫ਼ਰਾਰ ਦੱਸੀਆਂ ਜਾ ਰਹੀਆਂ ਹਨ ਉਸ ਦੀ ਵੀ ਤਫ਼ਤੀਸ਼ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਐਸਐਚਓ ਨੇ ਕਿਹਾ ਕਿ ਇਹਨਾਂ ਕੋਲੋਂ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ |