ਖਾਲਸਾ ਏਡ ਵਲੋਂ ਅਸਾਮ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ ਚ ਰਾਹਤ ਕਾਰਜ ਜਾਰੀ ਲੋਕਾਂ ਦੇ ਮੁੜ ਵਸੇਬੇ ਤੱਕ ਸੇਵਾ ਜਾਰੀ ਰੱਖਣ ਦਾ ਦਿੱਤਾ ਭਰੋਸਾ
ਜਲੰਧਰ, 26 ਅਗਸਤ (ਜਸਪਾਲ ਸਿੰਘ)-ਆਸਾਮ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਖਾਲਸਾ ਏਡ ਵਲੋਂ ਰਾਹਤ ਅਤੇ ਮਨੁੱਖਤਾ ਦੀ ਸੇਵਾ ਲਈ ਚਲਾਈ ਜਾ ਰਹੀ ਮੁਹਿੰਮ ਲਗਾਤਾਰ ਜਾਰੀ ਹੈ। ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਖਾਲਸਾ ਏਡ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਲੋੜਵੰਦ ਪਰਿਵਾਰਾਂ ਨੂੰ ਜ਼ਰੂਰੀ ਸਹਾਇਤਾ ਮੁਹੱਈਆ ਕਰਵਾ ਰਹੀਆਂ ਹਨ ।
ਜਲੰਧਰ, 26 ਅਗਸਤ (ਜਸਪਾਲ ਸਿੰਘ)-ਆਸਾਮ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਖਾਲਸਾ ਏਡ ਵਲੋਂ ਰਾਹਤ ਅਤੇ ਮਨੁੱਖਤਾ ਦੀ ਸੇਵਾ ਲਈ ਚਲਾਈ ਜਾ ਰਹੀ ਮੁਹਿੰਮ ਲਗਾਤਾਰ ਜਾਰੀ ਹੈ। ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਖਾਲਸਾ ਏਡ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਲੋੜਵੰਦ ਪਰਿਵਾਰਾਂ ਨੂੰ ਜ਼ਰੂਰੀ ਸਹਾਇਤਾ ਮੁਹੱਈਆ ਕਰਵਾ ਰਹੀਆਂ ਹਨ । ਹੜ੍ਹ ਦਾ ਪਾਣੀ ਘਟਣ ਦੇ ਬਾਵਜੂਦ ਕਈ ਇਲਾਕਿਆਂ ਵਿਚ ਲੋਕਾਂ ਦੀਆਂ ਮੁਸ਼ਕਲਾਂ ਅਜੇ ਵੀ ਖ਼ਤਮ ਨਹੀਂ ਹੋਈਆਂ ਅਤੇ ਕਈ ਘਰਾਂ ਦੇ ਅੰਦਰ 4 ਤੋਂ 5 ਫੁੱਟ ਤੱਕ ਗਾਰਾ ਜਮ੍ਹਾਂ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਖਾਲਸਾ ਏਡ ਦੇ ਪ੍ਰੋਜੈਕਟ ਮੈਨੇਜਰ ਪਵਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਮਨੋਹਰ, ਮਨਪ੍ਰੀਤ ਅਤੇ ਕਈ ਸਮਰਪਿਤ ਵਲੰਟੀਅਰਜ਼ ਲਗਾਤਾਰ ਪ੍ਰਭਾਵਿਤ ਇਲਾਕਿਆਂ ਵਿਚ ਸੇਵਾ ਨਿਭਾ ਰਹੇ ਹਨ । ਟੀਮਾਂ ਵਲੋਂ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਰ ਸੰਭਵ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪਵਿੱਤਰ ਸਿੰਘ ਨੇ ਦੱਸਿਆ ਕਿ ਸ਼ਿਵ ਸਾਗਰ ਇਲਾਕੇ ਦੇ ਡੀਸੀ ਅਤੇ ਏਡੀਸੀ ਨਾਲ ਵੀ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਰਾਹਤ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਖਾਲਸਾ ਏਡ ਦੀਆਂ ਟੀਮਾਂ ਸਥਾਨਕ ਪ੍ਰਸ਼ਾਸਨ ਅਤੇ ਲੋਕਾਂ ਨਾਲ ਮਿਲ ਕੇ ਜ਼ਮੀਨੀ ਪੱਧਰ ’ਤੇ ਲੋੜ ਅਨੁਸਾਰ ਕੰਮ ਕਰ ਰਹੀਆਂ ਹਨ । ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ, ਸੁੱਕਾ ਰਾਸ਼ਨ, ਦਵਾਈਆਂ, ਬਰਤਨ, ਤਰਪਾਲਾਂ ਅਤੇ ਚਟਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਹੜ੍ਹ ਤੋਂ ਬਾਅਦ ਪੈਦਾ ਹੋਈ ਗੰਦਗੀ ਅਤੇ ਮੱਛਰਾਂ ਕਾਰਨ ਬਿਮਾਰੀਆਂ ਦੇ ਖ਼ਤਰੇ ਨੂੰ ਦੇਖਦਿਆਂ ਪ੍ਰਭਾਵਿਤ ਇਲਾਕਿਆਂ ਵਿੱਚ ਫੋਗਿੰਗ ਵੀ ਕਰਵਾਈ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਸਕਣ । ਪਵਿੱਤਰ ਸਿੰਘ ਨੇ ਦੱਸਿਆ ਕਿ ਸਭ ਤੋਂ ਵੱਡੀ ਸਮੱਸਿਆ ਇਸ ਸਮੇਂ ਲੋਕਾਂ ਦੇ ਘਰਾਂ ਵਿੱਚ ਜਮ੍ਹਾਂ ਹੋਇਆ ਗਾਰਾ ਹੈ, ਜਿਸ ਨੂੰ ਬਾਹਰ ਕੱਢਣ ਲਈ ਜੇਸੀਬੀ ਮਸ਼ੀਨਾਂ ਅਤੇ ਟਰੈਕਟਰ-ਟਰਾਲੀਆਂ ਦੀ ਮਦਦ ਲਈ ਜਾ ਰਹੀ ਹੈ। ਟੀਮਾਂ ਵੱਲੋਂ ਘਰਾਂ ਵਿੱਚੋਂ ਗਾਰਾ ਕੱਢ ਕੇ ਬਾਹਰ ਲਿਜਾਇਆ ਜਾ ਰਿਹਾ ਹੈ, ਤਾਂ ਜੋ ਲੋਕ ਆਪਣੇ ਘਰਾਂ ਨੂੰ ਦੁਬਾਰਾ ਰਹਿਣ ਯੋਗ ਬਣਾ ਸਕਣ ।