ਨਡਾਲਾ, 27 ਮਈ (ਰਘਬਿੰਦਰ ਸਿੰਘ)-ਨੇੜਲੇ ਪਿੰਡ ਦਮੂਲੀਆਂ ਵਿਖੇ ਬਾਬਾ ਚੱਕ ਸ਼ਾਹ ਕਾਲਾ ਕਲੱਬ ਦਮੂਲੀਆਂ ਵੱਲੋਂ ਇਲਾਕੇ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਦੋ ਦਿਨਾਂ ਵਿਸ਼ਾਲ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਮੇਲੇ ਦੇ ਪਹਿਲੇ ਦਿਨ ਝੰਡੇ ਦੀ ਰਸਮ ਅਦਾ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਕਰਵਾਈ ਗਈ ਸੂਫ਼ੀਆਨਾ ਮਹਿਫ਼ਲ ਦੌਰਾਨ ਮਸ਼ਹੂਰ ਕੱਵਾਲ ਮਾਸ਼ਾ ਕੱਵਾਲ ਫ਼ਿਰੋਜ਼ਪੁਰ ਵਾਲੇ ਤੇ ਸਾਬਦੀਨ ਐਂਡ ਖ਼ੁਸ਼ ਨਸੀਬ ਪਾਰਟੀ ਵੱਲੋਂ ਰੂਹਾਨੀ ਕੱਵਾਲੀਆਂ ਪੇਸ਼ ਕਰਕੇ ਹਾਜ਼ਰੀਨ ਨੂੰ ਨਿਹਾਲ ਕੀਤਾ ਗਿਆ | ਮੇਲੇ ਦੇ ਦੂਜੇ ਤੇ ਅਖੀਰਲੇ ਦਿਨ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਦੌਰਾਨ ਰਾਜਾ ਸਿੱਧੂ ਐਂਡ ਪਾਰਟੀ ਤੇ ਹਰਿੰਦਰ ਸੰਧੂ ਤੇ ਅਮਨ ਧਾਲੀਵਾਲ ਦੀ ਦੁਗਾਣਾ ਜੋੜੀ ਨੇ ਆਪਣੇ ਮਕਬੂਲ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ | ਪ੍ਰੋਗਰਾਮ ਦੌਰਾਨ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਸੰਗਤਾਂ ਵੱਲੋਂ ਠੰਡੇ-ਮਿੱਠੇ ਜਲ ਦੀ ਛਬੀਲ ਤੇ ਹੋਰ ਲੰਗਰਾਂ ਦਾ ਵੀ ਬਾਖ਼ੂਬੀ ਪ੍ਰਬੰਧ ਕੀਤਾ ਗਿਆ, ਜਿਸ ਦਾ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੇ ਲਾਹਾ ਲਿਆ | ਮੇਲੇ ਦੇ ਸਫਲਤਾ ਲਈ ਕਲੱਬ ਮੈਂਬਰਾਂ ਵੱਲੋਂ ਸੰਗਤ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮੋਹਨ ਸਿੰਘ ਯੂ.ਕੇ. ਮੁੱਖ ਸੇਵਾਦਾਰ,ਪ੍ਰਧਾਨ ਜੋਗਿੰਦਰ ਸਿੰਘ ਚੀਮਾ,ਪਲਵਿੰਦਰ ਸਿੰਘ ਚੀਮਾ, ਮਨਪ੍ਰੀਤ ਚੀਮਾ ਅਤੇ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |