ਫਗਵਾੜਾ, 31 ਮਈ (ਹਰਜੋਤ ਸਿੰਘ ਚਾਨਾ)-ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਹੈ ਕਿ ਪੰਜਾਬ ਮੰਤਰੀ ਮੰਡਲ ਵੱਲੋਂ ਸੂਬੇ ਦੇ 65 ਹਜ਼ਾਰ ਤੋਂ ਵੱਧ ਆਊਟਸੋਰਸ, ਠੇਕਾ, ਡੇਲੀ ਵੇਜ ਅਤੇ ਹੋਰ ਅਸਥਾਈ ਕਰਮਚਾਰੀਆਂ ਦੀ ਭਲਾਈ ਲਈ ਇਤਿਹਾਸਿਕ ਫ਼ੈਸਲਾ ਲਿਆ ਹੈ ਜੋ ਇਨ੍ਹਾਂ ਕਰਮਚਾਰੀਆਂ ਦੇ ਸੁਨਹਿਰੇ ਭਵਿੱਖ ਲਈ ਮੀਲ ਪੱਥਰ ਸਾਬਤ ਹੋਵੇਗਾ | ਪੰਜਾਬ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਠੇਕੇਦਾਰੀ ਸਿਸਟਮ ਹੇਠ ਕੰਮ ਕਰ ਰਹੇ ਕਰਮਚਾਰੀਆਂ ਨੂੰ ਹੁਣ ਸਿੱਧੇ ਸਰਕਾਰੀ ਪ੍ਰਬੰਧ ਹੇਠ ਲਿਆਉਣ ਤੇ ਉਨ੍ਹਾਂ ਨੂੰ ਰੈਗੂਲਰ ਨੌਕਰੀਆਂ ਵੱਲ ਰਾਹ ਪ੍ਰਦਾਨ ਕਰਨ ਦੀ ਵੱਡੀ ਪਹਿਲਕਦਮੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਹੀ ਮੁਲਾਜ਼ਮਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ ਜਿਸ ਲੜੀ 'ਚ ਇਹ ਹਜ਼ਾਰਾਂ ਮੁਲਾਜ਼ਮਾਂ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਮਜ਼ਬੂਤ ਕਰਨ ਵੱਲ ਕਦਮ ਹੈ | ਉਨ੍ਹਾਂ ਕਿਹਾ ਕਿ ਕੈਬਨਿਟ ਵਲੋਂ ਮੁਲਾਜ਼ਮਾਂ ਪੱਖੀ ਨਵੇਂ ਕਾਨੂੰਨਾਂ ਨੂੰ ਝੰਡੀ ਨਾਲ ਸਰਕਾਰ ਤੇ ਕਰਮਚਾਰੀਆਂ ਵਿਚਕਾਰ ਸਿੱਧਾ ਰਾਬਤਾ ਹੋਵੇਗਾ ਤੇ ਠੇਕੇਦਾਰਾਂ ਦੀ ਭੂਮਿਕਾ ਖ਼ਤਮ ਹੋ ਜਾਵੇਗੀ ਜਿਸ ਨਾਲ ਆਊਟਸੋਰਸ, ਠੇਕਾ, ਡੇਲੀ ਵੇਜ ਅਤੇ ਹੋਰ ਅਸਥਾਈ ਕਰਮਚਾਰੀਆਂ ਨੂੰ ਰੋਜ਼ਗਾਰ ਸੁਰੱਖਿਆ, ਮਾਣ-ਸਨਮਾਨ ਅਤੇ ਭਵਿੱਖ ਦੀ ਯਕੀਨੀਤਾ ਮਿਲੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੇ 51 ਵਿਭਾਗਾਂ 'ਚ ਕੰਮ ਕਰ ਰਹੇ 65,048 ਕਰਮਚਾਰੀ ਇਸ ਨੀਤੀ ਦੇ ਦਾਇਰੇ ਵਿਚ ਆਉਣਗੇ, ਜਦਕਿ 26 ਹਜ਼ਾਰ ਤੋਂ ਵੱਧ ਕਰਮਚਾਰੀ ਪਹਿਲੇ ਪੜਾਅ ਵਿਚ ਇਸ ਦਾ ਸਿੱਧਾ ਲਾਭ ਪ੍ਰਾਪਤ ਕਰਨਗੇ | ਜ਼ਿਕਰਯੋਗ ਹੈ ਕਿ ਬਿਜਲੀ, ਸਥਾਨਕ ਸਰਕਾਰਾਂ, ਸਿੱਖਿਆ, ਟਰਾਂਸਪੋਰਟ, ਸਿਹਤ, ਜਲ ਸਪਲਾਈ, ਖੇਤੀਬਾੜੀ ਅਤੇ ਹੋਰ ਅਹਿਮ ਵਿਭਾਗਾਂ ਵਿਚ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਲਈ ਇਹ ਫ਼ੈਸਲਾ ਨਵੀਂ ਉਮੀਦ ਲੈ ਕੇ ਆਇਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖ਼ਤਰਨਾਕ ਹਾਲਾਤਾਂ ਵਿਚ ਕੰਮ ਕਰਨ ਵਾਲੇ ਫਾਇਰ ਕਰਮਚਾਰੀਆਂ, ਲਾਈਨਮੈਨਾਂ, ਸੀਵਰ ਕਰਮਚਾਰੀਆਂ ਅਤੇ ਸਫਾਈ ਸੇਵਕਾਂ ਲਈ ਵਿਸ਼ੇਸ਼ ਪ੍ਰਬੰਧ ਕਰਦਿਆਂ ਤਿੰਨ ਸਾਲ ਦੀ ਸੇਵਾ ਉਪਰੰਤ ਯੋਗਤਾ ਦੇਣ ਦਾ ਫ਼ੈਸਲਾ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਹੈ ਜੋ ਇਨ੍ਹਾਂ ਵਰਗਾਂ ਨੂੰ ਵੱਡੀ ਰਾਹਤ ਦੇਵੇਗੀ | ਉਨ੍ਹਾਂ ਭਿ੍ਸ਼ਟਾਚਾਰ ਦੇ ਮਾਮਲਿਆਂ ਦੀ ਤੇਜ਼ ਸੁਣਵਾਈ ਲਈ ਸੂਬੇ 'ਚ 7 ਵਿਸ਼ੇਸ਼ ਅਦਾਲਤਾਂ ਸਥਾਪਿਤ ਕਰਨ ਦੇ ਫ਼ੈਸਲੇ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਭਿ੍ਸ਼ਟਾਚਾਰ ਵਿਰੁੱਧ ਲੜਾਈ ਨੂੰ ਹੋਰ ਬਲ ਮਿਲੇਗਾ ਅਤੇ ਦੋਸ਼ੀਆਂ ਨੂੰ ਜਲਦੀ ਸਜ਼ਾ ਮਿਲ ਸਕੇਗੀ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਇਹ ਫ਼ੈਸਲੇ ਪੰਜਾਬ ਵਿਚ ਸੁਸ਼ਾਸਨ, ਪਾਰਦਰਸ਼ਤਾ ਅਤੇ ਕਰਮਚਾਰੀ ਭਲਾਈ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਕਰਨਗੇ |