ਸੁਭਾਨਪੁਰ, 31 ਮਈ (ਸਤਨਾਮ ਸਿੰਘ)-ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿਚ ਭਗਵਾਨ ਵਾਲਮੀਕ ਜੀ ਦੇ ਨਿਸ਼ਾਨ ਸਾਹਿਬ ਅਤੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦੇ ਸੰਬੰਧ 'ਚ ਅੱਡਾ ਸੁਭਾਨਪੁਰ ਚੌਂਕ ਵਿਚ ਵਾਲਮੀਕਿ ਮਜ਼ਬੀ ਸਿੱਖ ਮੋਰਚਾ ਪੰਜਾਬ, ਨਿਹੰਗ ਸਿੰਘ ਜਥੇਬੰਦੀਆਂ ਤੇ ਆਦਿ ਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦੱਲ ਵੱਲੋਂ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਸੁਭਾਨਪੁਰ ਚੌਂਕ ਬੰਦ ਕਰ ਦਿੱਤਾ | ਜਿਸ ਨਾਲ ਜਲੰਧਰ, ਅੰਮਿ੍ਤਸਰ, ਕਪੂਰਥਲਾ ਤੇ ਬੇਗੋਵਾਲ ਨੂੰ ਜਾਣ ਵਾਲੀ ਟ੍ਰੈਫਿਕ ਬਿਲਕੁਲ ਬੰਦ ਹੋ ਗਈ | ਇਸ ਮੌਕੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਧਰਨੇ ਵਿਚ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਜਿਹੜਾ ਵਿਅਕਤੀ ਭਗਵਾਨ ਵਾਲਮੀਕਿ ਜੀ ਦੇ ਨਿਸ਼ਾਨ ਸਾਹਿਬ ਤੇ ਪਾਵਨ ਸਰੂਪਾਂ ਦੀ ਅਦਬ ਸਤਿਕਾਰ ਨਾਲ ਸੇਵਾ ਕਰਦਾ ਸੀ | ਉਸ ਦੇ ਖਿਲਾਫ ਥਾਣਾ ਸੁਭਾਨਪੁਰ ਦੀ ਪੁਲਿਸ ਨੇ ਝੂਠਾ ਕੇਸ ਦਰਜ ਕਰ ਦਿੱਤਾ ਹੈ | ਦੂਸਰੇ ਪਾਸੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਹੈ | ਉਹ ਲੋਕ ਸ਼ਰੇਆਮ ਘੁੰਮ ਰਹੇ ਹਨ | ਮਜ਼ਬੀ ਸਿੱਖ ਮੋਰਚਾ ਪੰਜਾਬ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਨੇ ਕਿਹਾ ਕਿ ਬਲਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਨਿਜ਼ਾਮਪੁਰ ਦੇ ਖਿਲਾਫ ਪੁਲਸ ਵਲੋਂ ਝੂਠਾ ਕੇਸ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕੇ 15 ਮਈ ਨੂੰ ਥਾਣਾ ਸੁਭਾਨਪੁਰ ਵਿਖੇ ਸਤਨਾਮ ਸਿੰਘ ਪੁੱਤਰ ਗਿਆਨ ਸਿੰਘ ਨੇ ਦਰਖ਼ਾਸਤ ਦਿੱਤੀ ਕੇ ਬਲਵਿੰਦਰ ਸਿੰਘ ਤੇ ਉਸ ਦੇ ਪਿਤਾ ਗੁਰਦੀਪ ਸਿੰਘ ਨੇ ਗੰਦਗੀ ਵਾਲੀ ਜਗ੍ਹਾ ਤੇ ਨਿਸ਼ਾਨ ਸਾਹਿਬ ਲੱਗਾ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ | ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਸੰਬੰਧੀ ਬਲਵਿੰਦਰ ਸਿੰਘ ਦੇ ਖ਼ਿਲਾਫ਼ 15 ਮਈ ਨੂੰ ਦਰਖ਼ਾਸਤ ਦਿੱਤੀ ਗਈ ਤੇ ਉਕਤ ਜਗ੍ਹਾ ਤੇ ਨਿਸ਼ਾਨ ਸਾਹਿਬ 18 ਮਈ ਨੂੰ ਉਨ੍ਹਾਂ ਦੀ ਤੇ ਹੋਰ ਜਥੇਬੰਦੀਆਂ ਦੀ ਹਾਜ਼ਰੀ ਵਿਚ ਬੜੇ ਹੀ ਸਤਿਕਾਰ ਸਹਿਤ ਨਿਸ਼ਾਨ ਸਾਹਿਬ ਚੜ੍ਹਾਉਣ ਤੋਂ ਇਲਾਵਾ ਭਗਵਾਨ ਵਾਲਮੀਕਿ ਜੀ ਦਾ ਸਰੂਪ ਵੀ ਸੁਸ਼ੋਭਿਤ ਕੀਤਾ ਗਿਆ ਸੀ | ਉਨ੍ਹਾਂ ਕਿਹਾ 30 ਮਈ ਨੂੰ ਬਲਵਿੰਦਰ ਸਿੰਘ ਤੇ ਉਸ ਦੇ ਪਿਤਾ ਤੇ ਥਾਣਾ ਸੁਭਾਨਪੁਰ ਵਿਖੇ ਰਾਤ 8 ਵਜੇ ਮੁਕੱਦਮਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਸੇ ਟਾਈਮ ਉਨ੍ਹਾਂ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਨਿਸ਼ਾਨ ਸਾਹਿਬ ਤੇ ਭਗਵਾਨ ਵਾਲਮੀਕਿ ਜੀ ਦੇ ਸਰੂਪ ਉਕਤ ਸਥਾਨ ਤੇ ਨਹੀਂ ਸਨ ਤੇ ਉਕਤ ਜ਼ਮੀਨ ਟਰੈਕਟਰ ਨਾਲ ਵਾਹੀ ਹੋਈ ਸੀ ਤੇ ਰੂੜੀ ਖਿਲਰੀ ਹੋਈ ਸੀ | ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ 18 ਤਰੀਕ ਦੀ ਵੀਡੀਓ ਵੀ ਹੈ ਕੇ ਉਹ ਜਗ੍ਹਾ ਕਿੰਨੀ ਸਾਫ਼ ਸੁਥਰੀ ਸੀ | ਬਲਵਿੰਦਰ ਸਿੰਘ ਤੇ ਉਸ ਦੇ ਪਿਤਾ ਤੇ ਦਰਜ ਕੀਤਾ ਮੁਕੱਦਮਾ ਸਰਾਸਰ ਝੂਠਾ ਹੈ | ਇਸ ਮੌਕੇ ਤੇ ਐਸ. ਪੀ. ਡੀ ਹਰਿੰਦਰ ਸਿੰਘ ਗਿੱਲ ਧਰਨੇ ਵਾਲੀ ਜਗ੍ਹਾ ਤੇ ਆਏ ਤੇ ਉਨ੍ਹਾਂ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਲਵਿੰਦਰ ਸਿੰਘ ਤੇ ਉਸ ਦੇ ਪਿਤਾ ਤੇ ਦਰਜ ਕੀਤਾ ਮੁਕੱਦਮਾ ਕੈਂਸਲ ਕੀਤਾ ਜਾਵੇਗਾ ਤੇ ਕੱਲ ਸ਼ਾਮ ਤਕ ਸਾਰੇ ਸਬੂਤਾਂ ਨੂੰ ਦੇਖ ਕੇ ਭਗਵਾਨ ਵਾਲਮੀਕਿ ਜੀ ਦੇ ਸਰੂਪ ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇਗਾ | ਇਸ ਮੌਕੇ ਐਸ. ਪੀ. ਡੀ. ਹਰਿੰਦਰ ਸਿੰਘ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਚੌਂਕ ਵਿਚ ਲਾਇਆ ਗਿਆ ਧਰਨਾ ਸਮਾਪਤ ਕਰਕੇ ਸਾਈਡ ਤੇ ਸ਼ਾਂਤਮਈ ਤਰੀਕੇ ਨਾਲ ਆਪਣਾ ਧਰਨਾ ਲੱਗਾ ਲਿਆ | ਇਸ ਮੌਕੇ ਜੋਗਿੰਦਰ ਸਿੰਘ ਮਾਨ ਤੇ ਮਹਿੰਦਰ ਸਿੰਘ ਹਮੀਰਾ ਨੇ ਕਿਹਾ ਕਿ ਉਨ੍ਹਾਂ ਦੀਆਂ ਦੋ ਹੀ ਮੰਗਾ ਹਨ ਇਕ ਭਗਵਾਨ ਵਾਲਮੀਕੀ ਜੀ ਦੇ ਸਰੂਪ ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਨਾ ਤੇ ਦੂਸਰਾ ਬਲਵਿੰਦਰ ਸਿੰਘ ਦੇ ਖ਼ਿਲਾਫ਼ ਦਰਜ ਕੀਤਾ ਮੁਕੱਦਮਾ ਖ਼ਾਰਜ ਕਰਕੇ ਉਸ ਨੂੰ ਜੇਲ੍ਹ ਵਿਚੋਂ ਰਿਹਾਅ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਕੱਲ ਸ਼ਾਮ ਤਕ ਅਗਰ ਪੁਲਿਸ ਨੇ ਝੂਠਾ ਕੇਸ ਖ਼ਾਰਜ ਕਰਕੇ ਬਲਵਿੰਦਰ ਸਿੰਘ ਨੂੰ ਰਿਹਾਅ ਨਾ ਕਰਵਾਇਆ ਤੇ ਉਕਤ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨਾ ਦਰਜ ਕੀਤਾ ਤਾਂ ਉਹ ਆਪਣਾ ਸੰਘਰਸ਼ ਜਾਰੀ ਰੱਖਦੇ ਹੋਏ ਨੈਸ਼ਨਲ ਹਾਈਵੇ ਜਾਮ ਕਰਨਗੇ | ਇਸ ਮੌਕੇ ਐਸ. ਪੀ. ਡੀ. ਹਰਿੰਦਰ ਸਿੰਘ ਨੇ ਦੱਸਿਆ ਕੇ 30 ਮਈ ਨੂੰ ਬੀ. ਡੀ. ਪੀ. ਓ. ਨੇ ਲਿਖਤੀ ਤੌਰ ਤੇ ਦੇ ਕੇ ਪੁਲਸ ਦੀ ਮਦਦ ਮੰਗੀ ਸੀ ਕੇ ਉਕਤ ਜ਼ਮੀਨ ਪੰਚਾਇਤ ਦੀ ਹੈ | ਭਗਵਾਨ ਵਾਲਮੀਕੀ ਜੀ ਦੇ ਸਰੂਪ ਤੇ ਨਿਸ਼ਾਨ ਸਾਹਿਬ ਆਦਿ ਧਰਮੀ ਵਿਅਕਤੀ ਵੱਲੋਂ ਬੜੇ ਅਦਬ ਨਾਲ ਉਕਤ ਸਥਾਨ ਤੋਂ ਲੈ ਕੇ ਗਿਆ ਸੀ | ਫੇਰ ਵੀ ਉਹ ਜਥੇਬੰਦੀਆਂ ਵੱਲੋਂ ਸ਼ਿਕਾਇਤ ਕਰਨ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ | ਜਲਦੀ ਹੀ ਸਾਰੀ ਸਚਾਈ ਸਾਹਮਣੇ ਲਿਆਂਦੀ ਜਾਵੇਗੀ |