ਫਗਵਾੜਾ, 8 ਜੂਨ (ਹਰਜੋਤ ਸਿੰਘ ਚਾਨਾ)-ਅੱਜ ਦੇਰ ਮੇਹਲੀ-ਮੇਹਟਾਂ ਬਾਈਪਾਸ ਤੇ ਭੁੱਲਾਰਾਈ ਚੌਕ ਲਾਗੇ ਦੋ ਕਾਰਾਂ, ਇੱਕ ਟਰੱਕ ਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ 'ਚ ਪਿਉ ਤੇ ਸੱਤ ਸਾਲਾਂ ਦੀ ਧੀ ਦੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਗੰਭੀਰ ਹੋ ਗਈ, ਜਿਸਨੂੰ ਇਲਾਜ ਮਗਰੋਂ ਰੈੱਫ਼ਰ ਕਰ ਦਿੱਤਾ ਗਿਆ ਹੈ | ਘਟਨਾ ਦੀ ਸੂਚਨਾ ਮਿਲਦੇ ਸਾਰ ਡੀਐੱਸਪੀ ਪਲਵਿੰਦਰ ਸਿੰਘ, ਐੱਸਐਚਓ ਸਦਰ ਹਰਪਾਲ ਸਿੰਘ ਮੌਕੇ 'ਤੇ ਪੁੱਜੇ ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਮੋਟਰਸਾਈਕਲ ਚਾਲਕ ਸੁਖਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਪੰਡੋਰੀ ਹੁਸ਼ਿਆਰਪੁਰ ਤੇ ਉਸਦੀ ਮਗਰ ਬੈਠੀ ਲੜਕੀ 7 ਸਾਲਾ ਨੂੰ ਮਿ੍ਤਕ ਕਰਾਰ ਦਿੱਤਾ | ਉਨ੍ਹਾਂ ਦੱਸਿਆ ਕਿ ਸੜਕ ਉੱਪਰ ਇੱਕ ਟਰੱਕ ਖੜ੍ਹਾ ਸੀ ਇਹ ਵਿਅਕਤੀ ਮੋਟਰਸਾਈਕਲ 'ਤੇ ਜਾ ਰਹੇ ਸਨ ਤਾਂ ਮਗਰੋਂ ਕਾਰ ਦੀ ਟੱਕਰ ਵੱਜਣ ਕਾਰਨ ਇਹ ਟਰੱਕ 'ਚ ਜਾ ਵੱਜੇ | ਇਸੇ ਦੌਰਾਨ ਇੱਕ ਹੋਰ ਵਿਅਕਤੀ ਕੁਲਵੀਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਉੱਚਾ ਪਿੰਡ ਵੀ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ | ਘਟਨਾ ਤੋਂ ਬਾਅਦ ਸੜਕ 'ਤੇ ਕਾਫ਼ੀ ਜਾਮ ਲੱਗ ਗਿਆ |