ਸੁਲਤਾਨਪੁਰ ਲੋਧੀ, 8 ਜੂਨ (ਨਰੇਸ਼ ਹੈਪੀ, ਥਿੰਦ)-ਪੁਲਿਸ ਵੱਲੋਂ ਬੀਤੇ ਦਿਨ ਨੌਜਵਾਨ ਦੇ ਹੋਏ ਅੰਨੇ੍ਹ ਕਤਲ ਦੀ ਗੁੱਥੀ ਨੂੰ ਕੁੱਝ ਹੀ ਘੰਟਿਆਂ ਵਿਚ ਸੁਲਝਾਉਂਦੇ ਹੋਏ ਮੁੱਖ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ | ਇਸ ਮਾਮਲੇ ਸਬੰਧੀ ਪੈੱ੍ਰਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਏ.ਐੱਸ.ਪੀ. ਧੀਰੇਂਦਰ ਵਰਮਾ ਆਈ ਪੀ ਐੱਸ ਨੇ ਦੱਸਿਆ ਕਿ ਥਾਣਾ ਕਬੀਰਪੁਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਐੱਸ.ਆਈ ਮਲਕੀਤ ਸਿੰਘ ਮੁੱਖ ਅਫ਼ਸਰ ਥਾਣਾ ਕਬੀਰਪੁਰ ਵੱਲੋਂ ਸਮੁੱਚੀ ਟੀਮ ਸਮੇਤ ਮੁਸਤੈਦੀ ਨਾਲ ਇਸ ਕਤਲ ਕਾਂਡ ਨੰੂ ਸੁਲਝਾ ਲਿਆ ਅਤੇ ਤਿੰਨ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਤੇ ਕਤਲ ਦੌਰਾਨ ਵਰਤਿਆ ਗਿਆ ਸਮਾਨ ਵੀ ਬਰਾਮਦ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਦਰਿਆ ਬਿਆਸ ਵਿਚੋਂ ਗੋਤਾਖੋਰਾਂ ਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ | ਗੌਰਤਲਬ ਹੈ ਕਿ ਜਸਬੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬਾਊਪੁਰ ਜਦੀਦ ਥਾਣਾ ਕਬੀਰਪੁਰ ਵੱਲੋਂ ਸੂਚਿਤ ਕੀਤਾ ਗਿਆ ਕਿ ਉਸ ਦਾ ਲੜਕਾ ਰਾਹੁਲ ਸਿੰਘ ਜਿਸ ਦੀ ਉਮਰ ਕਰੀਬ 26 ਸਾਲ ਹੈ, ਜੋ ਏਅਰਟੈੱਲ ਕੰਪਨੀ ਸੁਲਤਾਨਪੁਰ ਲੋਧੀ ਵਿਚ ਕੰਮ ਕਰਦਾ ਹੈ, ਜੋ ਕਿ 5 ਜੂਨ ਨੂੰ ਰਾਹੁਲ ਆਪਣੀ ਰੁਟੀਨ ਮੁਤਾਬਿਕ ਆਪਣੇ ਮੋਟਰਸਾਈਕਲ ਪਲਟੀਨਾ ਨੰਬਰੀ ਪੀ.ਬੀ. 09 ਏ.ਐੱਸ. 2480 ਘਰੋਂ ਡਿਊਟੀ ਗਿਆ ਸੀ, ਪਰ ਹੁਣ ਤੱਕ ਘਰ ਨਹੀਂ ਆਇਆ, ਜਿਸ ਦਾ ਮੋਬਾਈਲ ਨੰਬਰ 92053-02618 ਹੈ, ਜੋ ਕਿ ਰਾਤ ਨੂੰ ਉਸ ਨੰੂ ਫ਼ੋਨ ਲਗਾਉਂਦੇ ਰਹੇ, ਪਰ ਉਸ ਨੇ ਫ਼ੋਨ ਨਹੀਂ ਚੁੱਕਿਆ ਅਤੇ 6 ਜੂਨ ਨੂੰ ਸਵੇਰੇ 5 ਵਜੇ ਫ਼ੋਨ ਲਗਾਇਆ, ਪਰ ਉਸ ਦਾ ਨੰਬਰ ਬੰਦ ਆਉਂਦਾ ਸੀ | ਜਿਸ ਦੇ ਸਬੰਧ ਵਿਚ ਤੁਰੰਤ ਸਪੈਸ਼ਲ ਟੀਮਾਂ ਬਣਾ ਕਿ ਸੀ.ਸੀ.ਟੀ.ਵੀ ਫੁਟੇਜ ਖੰਗਾਲਣੇ ਸ਼ੁਰੂ ਕੀਤੇ ਤਾਂ ਸੀ.ਸੀ.ਟੀ.ਵੀ ਫੁਟੇਜ ਵਿਚ ਗੁੰਮਸ਼ੁਦਾ ਰਾਹੁਲ ਸਿੰਘ ਦਾ ਪਿੱਛਾ ਕਰਦੀ ਇੱਕ ਕਾਰ ਵਿਖਾਈ ਦਿੱਤੀ | ਇਸੇ ਦੌਰਾਨ ਰਾਹੁਲ ਦਾ ਮੋਟਰਸਾਈਕਲ ਬਾਊਪੁਰ ਪੁਲ ਦੇ ਹੇਠਾਂ ਡਿੱਗਿਆ ਮਿਲਿਆ ਤੇ ਉਸ ਦਾ ਖ਼ੂਨ ਜ਼ਮੀਨ ਤੇ ਡੁੱਲਾ ਹੋਇਆ ਸੀ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਇਆਂ ਗੁੰਮਸ਼ੁਦਾ ਰਾਹੁਲ ਸਿੰਘ ਦਾ ਪਿੱਛਾ ਕਰਨ ਵਾਲੇ ਮਲਕੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨਵੀਂ ਆਬਾਦੀ ਅਦਾਲਤ ਚੱਕ ਥਾਣਾ ਸੁਲਤਾਨਪੁਰ ਲੋਧੀ, ਬਲਵਿੰਦਰ ਸਿੰਘ ਉਰਫ਼ ਲੱਡੂ ਪੁੱਤਰ ਜਰਨੈਲ ਸਿੰਘ ਵਾਸੀ ਮਹਿਤਮਾਵਾਲਾ ਥਾਣਾ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਤੇ ਸਾਹਿਲਪ੍ਰੀਤ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਕਾਹਨਾ ਥਾਣਾ ਫੱਤੂਢੀਂਗਾ ਜ਼ਿਲ੍ਹਾ ਕਪੂਰਥਲਾ ਨੂੰ ਕਾਬੂ ਕੀਤਾ ਗਿਆ | ਨਾਮਜ਼ਦ ਅਰੋਪੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਹੀ ਰਾਹੁਲ ਸਿੰਘ ਦਾ ਕਤਲ ਕਰਕੇ ਲਾਸ਼ ਬਿਆਸ ਦਰਿਆ ਵਿਚ ਸੁੱਟ ਦਿੱਤੀ ਹੈ, ਜਿਸ 'ਤੇ ਥਾਣਾ ਕਬੀਰਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਉਕਤ ਤਿੰਨਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਧੀਰੇਂਦਰ ਵਰਮਾ ਆਈ.ਪੀ.ਐੱਸ. ਨੇ ਦੱਸਿਆ ਕਿ ਮਿ੍ਤਕ ਰਾਹੁਲ ਸਿੰਘ, ਜੋ ਕਿ ਮਲਕੀਤ ਸਿੰਘ ਦਾ ਪੁਰਾਣਾ ਮਿੱਤਰ ਸੀ, ਜਿਸ ਦਾ ਮਲਕੀਤ ਸਿੰਘ ਦੇ ਘਰ ਵਿਖੇ ਕਾਫ਼ੀ ਆਉਣਾ ਜਾਣਾ ਸੀ, ਜਿਸ ਕਰਕੇ ਮਲਕੀਤ ਸਿੰਘ ਦੀ ਪਤਨੀ ਕਾਜਲ ਨਾਲ ਨਜਾਇਜ਼ ਸਬੰਧ ਬਣ ਗਏ, ਜਿਸ ਦਾ ਮਲਕੀਤ ਸਿੰਘ ਨੂੰ ਪਤਾ ਲੱਗਣ ਤੇ ਪਹਿਲਾਂ ਉਸ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ | ਜਿਸ ਦੇ ਬਾਅਦ ਉਸ ਵੱਲੋਂ ਆਪਣੇ 2 ਸਾਥੀਆਂ ਨੂੰ ਨਾਲ ਲੈ ਕੇ ਕਤਲ ਕਰਨ ਦੀ ਸਾਜ਼ਿਸ਼ ਰਚੀ ਗਈ ਅਤੇ ਰਾਹੁਲ ਸਿੰਘ ਦਾ ਰਾਤ ਸਮੇਂ ਪਿੱਛਾ ਕਰਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨੂੰ ਬੰਨ੍ਹ ਕੇ ਬਿਆਸ ਦਰਿਆ ਵਿਚ ਸੁੱਟ ਦਿੱਤਾ ਗਿਆ, ਜੋ ਇਸ ਰੰਜਸ਼ ਵਿਚ ਸ਼ਾਮਲ ਮਲਕੀਤ ਸਿੰਘ ਦੀ ਪਤਨੀ ਕਾਜਲ ਨੂੰ ਵੀ ਉਕਤ ਮੁਕੱਦਮਾ ਵਿਚ ਗਿ੍ਫ਼ਤਾਰ ਕਰਕੇ ਵਾਧਾ ਜੁਰਮ 140(1),61(2) ਬੀ ਐਨ ਐੱਸ ਦਾ ਕੀਤਾ ਗਿਆ ਹੈ ਅਤੇ ਮਿ੍ਤਕ ਰਾਹੁਲ ਸਿੰਘ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਦੌਰਾਨੇ ਤਫ਼ਤੀਸ਼ ਮੁਕੱਦਮਾ ਦੇ ਦੋਸ਼ੀਆਂ ਪਾਸੋਂ ਵਾਰਦਾਤ ਸਮੇਂ ਵਰਤੀ ਕਾਰ, ਮੋਟਰਸਾਈਕਲ, 2 ਦਾਤਰ, ਕਿਰਚ ਲੋਹਾ ਅਤੇ 2 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ, ਗਿ੍ਫ਼ਤਾਰ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ |