ਹੁਸੈਨਪੁਰ, 11 ਜੂਨ (ਤਰਲੋਚਨ ਸਿੰਘ ਸੋਢੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਾਵੇਂ ਪੰਜਾਬ ਦੇ ਸਮੂਹ ਸਰਕਾਰੀ ਦਫ਼ਤਰਾਂ ਵਿਚ ਲੋਕਾਂ ਦੇ ਸਾਰੇ ਕੰਮ ਪਾਰਦਰਸ਼ੀ ਢੰਗ ਨਾਲ ਹੋਣ ਅਤੇ ਦਫ਼ਤਰਾਂ ਦਾ ਸਮੁੱਚਾ ਕੰਮਕਾਜ ਭਿ੍ਸ਼ਟਾਚਾਰ ਮੁਕਤ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਤੌਰ 'ਤੇ ਕੁੱਝ ਹੋਰ ਹੀ ਚੱਲ ਰਿਹਾ ਹੈ | ਜਿਸ ਦੀ ਮਿਸਾਲ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਕੱਟੀ ਗਈ ਨਜਾਇਜ਼ ਕਲੋਨੀ ਨੂੰ ਅਣ ਅਧਿਕਾਰਤ ਘੋਸ਼ਿਤ ਕਰਦਾ ਬੋਰਡ ਲਗਾਉਣ ਦੇ ਬਾਵਜੂਦ ਨਿਰੰਤਰ ਪਲਾਟਾਂ ਦੀ ਵਿੱਕਰੀ ਅਤੇ ਕਲੋਨੀ ਵਿਚ ਸੜਕਾਂ ਦਾ ਕੰਮ ਸ਼ੁਰੂ ਹੋਣ ਤੋਂ ਮਿਲਦੀ ਹੈ | ਕਪੂਰਥਲਾ ਸੁਲਤਾਨਪੁਰ ਲੋਧੀ ਜੀ.ਟੀ. ਰੋਡ ਉੱਪਰ ਦਸੰਬਰ 2025 ਵਿਚ ਕੱਟੀ ਗਈ ਨਜਾਇਜ਼ ਕਲੋਨੀ ਨੂੰ ਅਣ ਅਧਿਕਾਰਤ ਘੋਸ਼ਿਤ ਕਰਦਿਆਂ ਪੁੱਡਾ ਵਿਭਾਗ ਕਪੂਰਥਲਾ ਵਲੋਂ 6-7 ਦਸੰਬਰ 2025 ਨੂੰ ਨਜਾਇਜ਼ ਕਲੋਨੀ ਦਰਸਾਉਂਦਾ ਚਿਤਾਵਨੀ ਬੋਰਡ ਉਕਤ ਕਲੋਨੀ ਵਿਚ ਲਗਾਇਆ ਗਿਆ ਸੀ ਪਰ ਦੂਸਰੇ ਦਿਨ ਹੀ ਕਲੋਨੀ ਵਿਚੋਂ ਬੋਰਡ ਪੱਟਣ ਤੇ ਵਿਭਾਗ ਵਲੋਂ ਕੋਈ ਕਾਰਵਾਈ ਨਾ ਕਰਨਾ ਪੁੱਡਾ ਵਿਭਾਗ ਕਪੂਰਥਲਾ ਦੀ ਕਥਿਤ ਤੌਰ 'ਤੇ ਮਿਲੀ ਭੁਗਤ ਦਰਸਾਉਂਦਾ ਹੈ | ਜ਼ਿਕਰਯੋਗ ਹੈ ਕਿ 6-7 ਦਸੰਬਰ ਨੂੰ ਪੁੱਡਾ ਵਿਭਾਗ ਕਪੂਰਥਲਾ ਵਲੋਂ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਕਾਰਗਿਲ ਸ਼ਹੀਦ ਬਲਦੇਵ ਸਿੰਘ ਪੈਟਰੋਲ ਪੰਪ ਦੇ ਸਾਹਮਣੇ ਕੱਟੀ ਗਈ ਨਜਾਇਜ਼ ਕਲੋਨੀ ਨੂੰ ਅਣ ਅਧਿਕਾਰਤ ਘੋਸ਼ਿਤ ਕਰਦਿਆਂ ਪੁੱਡਾ ਵਿਭਾਗ ਦੇ ਐੱਸ. ਡੀ. ਓ. ਰਵੀ ਸ਼ੇਰ ਸਿੰਘ ਵਲੋਂ ਚਿਤਾਵਨੀ ਬੋਰਡ ਲਗਾਉਣ ਦੀ ਪੁਸ਼ਟੀ ਕਰਦਿਆਂ ਰੋਜ਼ਾਨਾ ਅਜੀਤ ਅਖ਼ਬਾਰ ਵਿਚ ਖ਼ਬਰ ਵੀ ਪ੍ਰਕਾਸ਼ਿਤ ਕਰਵਾਈ ਗਈ ਸੀ | ਜਿਸ ਵਿਚ ਵਿਭਾਗ ਵਲੋਂ ਜਿੱਥੇ ਉਕਤ ਕਲੋਨੀ ਨੂੰ ਅਣ ਅਧਿਕਾਰਤ ਘੋਸ਼ਿਤ ਕੀਤਾ ਬੋਰਡ ਲਗਾਇਆ ਗਿਆ ਉੱਥੇ ਉਕਤ ਬੋਰਡ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਖਾਨੀ ਕਰਨ ਤੇ ਸਖ਼ਤ ਕਾਰਵਾਈ ਕਰਨ ਬਾਰੇ ਵੀ ਬੋਰਡ ਉੱਪਰ ਸਖ਼ਤੀ ਨਾਲ ਲਿਖਿਆ ਵੀ ਗਿਆ ਸੀ | ਪਰ ਉਕਤ ਅਣ ਅਧਿਕਾਰਤ ਕਲੋਨੀ ਦਰਸਾਉਂਦਾ ਬੋਰਡ ਦੂਸਰੇ ਦਿਨ ਹੀ ਪੱਟ ਦੇਣ ਤੇ ਪੁੱਡਾ ਵਿਭਾਗ ਕਪੂਰਥਲਾ ਵਲੋਂ ਅੱਜ ਤੱਕ ਕੋਈ ਕਾਰਵਾਈ ਨਾ ਕਰਨਾ ਪੁੱਡਾ ਵਿਭਾਗ ਕਪੂਰਥਲਾ ਦੀ ਮਿਲੀ ਭੁਗਤ ਹੋਣ ਦੀ ਕਥਿਤ ਤੌਰ 'ਤੇ ਗਵਾਹੀ ਭਰਦਾ ਹੈ | ਦੂਸਰੇ ਪਾਸੇ ਉਕਤ ਅਣ ਅਧਿਕਾਰਤ ਕਲੋਨੀ ਵਿਚ ਕਥਿਤ ਤੌਰ 'ਤੇ ਪੁੱਡਾ ਵਿਭਾਗ ਕਪੂਰਥਲਾ ਦੀ ਮਿਲੀਭੁਗਤ ਨਾਲ ਸੜਕਾਂ ਬਣਾਉਣ ਦਾ ਕੰਮ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ ਪਰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਮੁੱਧਾ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਨਜ਼ਰ ਨਹੀਂ ਆਉਂਦਾ, ਜੋ ਕਿ ਇਲਾਕੇ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇਸ ਸਬੰਧੀ ਜਦੋਂ ਐੱਸ.ਡੀ.ਓ. ਰਵੀ ਸ਼ੇਰ ਸਿੰਘ ਨਾਲ ਵਾਰ-ਵਾਰ ਸੰਪਰਕ ਕੀਤਾ ਗਿਆ ਤਾਂ ਉਹ ਵੀ ਹਰ ਵਾਰ ਕਾਰਵਾਈ ਕਰਨ ਦੀ ਗੱਲ ਤਾਂ ਕਰਦੇ ਹਨ ਪਰ ਲਗਭਗ ਪੰਜ ਮਹੀਨੇ ਬੀਤ ਜਾਣ ਤੇ ਵੀ ਅਜੇ ਤੱਕ ਕਾਰਵਾਈ ਕਰਨ ਦਾ ਸਮਾਂ ਨਹੀਂ ਲੱਗਾ |