ਕਪੂਰਥਲਾ, 11 ਜੂਨ (ਵਿਸ਼ੇਸ਼ ਪ੍ਰਤੀਨਿਧ)-ਪੈਨਸ਼ਨਰਜ਼ ਐੱਸੋਸੀਏਸ਼ਨ ਪਾਵਰਕਾਮ, ਟਰਾਂਸਕੋ ਸਬ ਡਵੀਜ਼ਨ ਕਪੂਰਥਲਾ ਦੀ ਮੀਟਿੰਗ ਸ਼ਵਿੰਦਰ ਸਿੰਘ ਬੁਟਾਰੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਅਪ੍ਰੈਂਟਿਸ ਲਾਈਨਮੈਨਾ 'ਤੇ ਪੁਲਿਸ ਵਲੋਂ ਪਟਿਆਲਾ ਵਿਚ ਇਕ ਡੀ.ਐੱਸ.ਪੀ. ਦੀ ਅਗਵਾਈ ਵਿਚ ਬੇਰਹਿਮੀ ਨਾਲ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਐੱਸੋਸੀਏਸ਼ਨ ਦੇ ਸਰਕਲ ਪ੍ਰਧਾਨ ਮੁਹੰਮਦ ਯੂਨਸ ਅਨਸਾਰੀ, ਐੱਸੋਸੀਏਸ਼ਨ ਦੇ ਪ੍ਰਮੁੱਖ ਆਗੂ ਸ਼ਵਿੰਦਰ ਸਿੰਘ ਬੁਟਾਰੀ, ਸਕੱਤਰ ਇੰਜ. ਹਰਪਾਲ ਸਿੰਘ, ਇੰਜ. ਅਮਰਜੀਤ ਸਿੰਘ ਨੂਰਪੁਰ, ਜੈਲ ਸਿੰਘ, ਕ੍ਰਿਸ਼ਨ ਗੋਪਾਲ ਗੱਟੀ ਤੇ ਹੋਰ ਆਗੂਆਂ ਨੇ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ਗਾਰ ਮੰਗਦੇ ਅਪ੍ਰੈਂਟਿਸ ਲਾਈਨਮੈਨਾ ਜੋ ਸ਼ਾਂਤਮਈ ਢੰਗ ਨਾਲ ਰੋਸ ਵਿਖਾਵਾ ਕਰ ਰਹੇ ਸਨ ਨੂੰ ਪੁਲਿਸ ਬਲ ਨਾਲ ਦਬਾਉਣ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਸਰਕਾਰ ਵਲੋਂ ਅਖ਼ਤਿਆਰ ਕੀਤੀ ਇਸ ਨੀਤੀ ਦਾ ਜਵਾਬ ਉਹ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਦੇਣਗੇ | ਬੁਲਾਰਿਆਂ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਨੌਜਵਾਨਾਂ 'ਤੇ ਹਮਲਾ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ | ਐੱਸੋਸੀਏਸ਼ਨ ਦੇ ਆਗੂਆਂ ਨੇ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਸਬੰਧਿਤ ਡੀ.ਐੱਸ.ਪੀ. ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ | ਬੁਲਾਰਿਆਂ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸਗੋਂ ਕਾਰਪੋਰੇਟਾਂ ਦੀ ਸਰਕਾਰ ਹੈ ਜੋ ਮਾਨਯੋਗ ਅਦਾਲਤ ਦੇ ਫ਼ੈਸਲੇ ਮੰਨਣ ਤੋਂ ਵੀ ਇਨਕਾਰੀ ਹੈ | ਬੁਲਾਰਿਆਂ ਨੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 18 ਪ੍ਰਤੀਸ਼ਤ ਰੋਕੇ ਗਏ ਮਹਿੰਗਾਈ ਭੱਤੇ ਦੀ ਤੁਰੰਤ ਅਦਾਇਗੀ 1 ਜਨਵਰੀ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ 2.59 ਦੇ ਗੁਣਾਂਕ ਨਾਲ ਸੋਧੀ ਹੋਈ ਪੈਨਸ਼ਨ ਦੇਣ ਮੰਗ ਕੀਤੀ | ਮੀਟਿੰਗ ਵਿਚ ਅਲੈਗਜੈਂਡਰ ਵਿਲੀਅਮ, ਨਿਰਮਲ ਰਾਏ, ਅਮਰਜੀਤ ਸਿੰਘ ਨੂਰਪੁਰ, ਆਤਮਾ ਸਿੰਘ, ਸ਼ਿਵ ਚਰਨ ਸਿੰਘ, ਇੰਜ. ਰੇਸ਼ਮ ਸਿੰਘ, ਹਿੰਦ ਭੂਸ਼ਣ, ਮਹੇਸ਼ ਕੁਮਾਰ ਤਲਵਾੜ ਆਦਿ ਆਗੂ ਹਾਜ਼ਰ ਸਨ |