ਬੇਗੋਵਾਲ, 15 ਜੂਨ (ਸੁਖਜਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੜਾਅ ਵਾਰ ਪੂਰਾ ਕੀਤਾ ਜਾ ਰਿਹਾ ਹੈ ਤੇ ਇਸੇ ਤਹਿਤ ਜੋ ਪੰਜਾਬ ਭਰ ਦੀਆਂ ਮਾਵਾਂ ਭੈਣਾਂ ਨੂੰ ਇੱਕ ਇੱਕ ਹਜ਼ਾਰ ਜਨਰਲ ਵਰਗ ਤੇ ਦਲਿਤ ਵਰਗ ਨੂੰ 1500 ਦੇਣ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਮਾਵਾਂ ਧੀਆਂ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਰਜਿਸਟਰ ਕਰਨ ਦਾ ਕਾਰਜ ਅੱਜ ਨਰੰਗਪੁਰ ਵਿਚ ਸ਼ੁਰੂ ਹੋਇਆ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਬਲਾਕ ਸੰਮਤੀ ਤੇ ਸਰਪੰਚ ਨਰੰਗਪੁਰ ਸਰਬਜੀਤ ਸਿੰਘ ਪੱਪਲ ਨੇ ਪਿੰਡ ਵਿਚ ਲੱਗੇ ਇਸ ਵਿਸ਼ੇਸ਼ ਅਭਿਆਨ ਦੀ ਆਰੰਭਤਾ ਕਰਨ ਸਮੇਂ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਸਰਪੰਚ ਸਰਬਜੀਤ ਸਿੰਘ ਪੱਪਲ ਨੇ ਬੋਲਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਅੱਜ ਸਾਡੇ ਨਗਰ ਦੀ ਆਂਗਣਵਾੜੀ ਸੈਂਟਰ ਦੀ ਇੰਚਾਰਜ ਦੀ ਅਗਵਾਈ ਹੇਠ ਸਰਕਾਰ ਵੱਲੋਂ ਸਿੱਖਿਅਤ ਸਖ਼ੀਆਂ ਵੱਲੋਂ ਇਸ ਯੋਜਨਾ ਦਾ ਲਾਭ ਲੈਣ ਵਾਲੀਆਂ ਮਾਵਾਂ ਧੀਆਂ ਨੂੰ ਰਜਿਸਟਰ ਕਰਨ ਲਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਉਹ ਆਪਣੇ ਨਾਲ ਆਧਾਰ ਕਾਰਡ ਦੀ ਕਾਪੀ ਤੇ ਨਾਲ ਨਾਲ ਵੋਟਰ ਕਾਰਡ ਤੇ ਬੈਂਕ ਦੀ ਕਾਪੀ ਜ਼ਰੂਰ ਨਾਲ ਲੈ ਕੇ ਆਉਣ ਤਾਂ ਜੋ ਇਹ ਇਹ ਪ੍ਰਕਿਰਿਆ ਮੁਕੰਮਲ ਕੀਤੀ ਜਾ ਸਕੇ ਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜੁਲਾਈ ਮਹੀਨੇ ਤੋਂ ਉਨ੍ਹਾਂ ਦੇ ਖਾਤੇ ਵਿਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ |