ਹੁਸੈਨਪੁਰ, 15 ਜੂਨ (ਤਰਲੋਚਨ ਸਿੰਘ ਸੋਢੀ)-ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੇ ਬੇਹਿਸਾਬੀ ਆਵਾਜਾਈ ਹੋਣ ਕਾਰਨ ਸਰਕਾਰ ਵਲੋਂ ਭਾਵੇਂ ਇਸ ਜੀ. ਟੀ. ਰੋਡ ਨੂੰ ਫੋਰ ਲਾਈਨ (ਚਾਰ ਮਾਰਗੀ) ਕਰਨ ਦਾ ਕੰਮ ਜੰਗੀ ਪੱਧਰ ‘ਤੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਸ ਮਾਰਗ ਤੋਂ ਆਉਣ ਜਾਣ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਉਣ ਲਈ ਇਸ ਮਾਰਗ ਨੂੰ ਚੌੜਾ ਕਰਨ ਦਾ ਕੰਮ ਚੱਲ ਰਿਹਾ ਹੈ | ਪਰ ਕੁਝ ਸਵਾਰਥੀ ਲੋਕਾਂ ਵਲੋਂ ਆਪਣੇ ਕਾਰੋਬਾਰ ਨੂੰ ਬੜਾਵਾ ਦੇਣ ਲਈ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਸੜਕ ਕਿਨਾਰਿਆਂ ਤੇ ਰੱਖ ਕੇ ਜਿੱਥੇ ਆਵਾਜਾਈ ਵਿਚ ਵਿਘਨ ਪਾਇਆ ਜਾ ਰਿਹਾ ਹੈ ਉੱਥੇ ਇਨ੍ਹਾਂ ਦੁਕਾਨਦਾਰਾਂ ਵਲੋਂ ਰੱਖਿਆ ਸਮਾਨ ਅਕਸਰ ਕਈ ਵਾਰੀ ਹਾਦਸਿਆਂ ਦਾ ਕਾਰਨ ਬਣਦਾ ਹੈ, ਜਿਸ ਵੱਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਾ ਦੇਣ ਕਰਕੇ ਕਈ ਵਾਰੀ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ | ਇਸ ਸਬੰਧੀ ਰੋਸ ਜ਼ਾਹਿਰ ਕਰਦਿਆਂ ਵੱਖ-ਵੱਖ ਸਮਾਜ ਸੇਵੀਆਂ ਬੁੱਧੀਜੀਵੀਆਂ ਅਤੇ ਇਨਸਾਨੀਅਤ ਪ੍ਰੇਮੀਆਂ ਨੇ ਰੋਸ ਜ਼ਾਹਿਰ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਉੱਪਰ ਦੁਕਾਨਦਾਰਾਂ ਵਲੋਂ ਕੀਤੇ ਨਜਾਇਜ਼ ਕਬਜ਼ਿਆਂ ਨੂੰ ਛਡਾ ਕੇ ਸੜਕ ਦੀ ਚੌੜਾਈ ਨੂੰ ਬਹਾਲ ਕਰਕੇ ਆਵਾਜਾਈ ਨੂੰ ਸੁਖਾਲਾ ਬਣਾਇਆ ਜਾਵੇ | ਜ਼ਿਕਰਯੋਗ ਹੈ ਕਿ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੇ ਜਿੱਥੇ ਥਾਂ-ਥਾਂ ਤੇ ਦੁਕਾਨਦਾਰਾਂ ਵਲੋਂ ਕਬਜ਼ੇ ਕੀਤੇ ਗਏ ਹਨ | ਐਚ. ਡੀ. ਐਫ. ਸੀ. ਬੈਂਕ ਦੇ ਨਜ਼ਦੀਕ ਸਟੀਲ ਅਤੇ ਪਲਾਸਟਿਕ ਦੇ ਬਰਤਨ ਵੇਚਣ ਵਾਲੇ ਇਕ ਦੁਕਾਨਦਾਰ ਵਲੋਂ ਆਪਣਾ ਸਮਾਨ ਸੜਕ ਦੇ ਕਿਨਾਰੇ ਰੱਖਣ ਕਰਕੇ ਹਮੇਸ਼ਾ ਇੱਥੇ ਜਾਮ ਲੱਗਦਾ ਰਹਿੰਦਾ ਹੈ, ਜਦਕਿ ਰੇਲ ਕੋਚ ਫ਼ੈਕਟਰੀ ਦੇ ਬਾਹਰ ਬਣੀਆਂ ਦੁਕਾਨਾਂ ਵਾਲਿਆਂ ਵਲੋਂ ਰੋਜ਼ਾਨਾ ਘੱਟ ਤੋਂ ਘੱਟ ਚਾਰ ਪੰਜ ਸੋ ਰੁਪਏ ਪ੍ਰਤੀ ਰੇੜੀ ਕਰਾਇਆ ਲੈ ਕੇ ਆਪਣੀਆਂ ਦੁਕਾਨਾਂ ਅੱਗੇ ਰੇੜੀਆਂ ਲਵਾ ਕੇ ਜਿੱਥੇ ਸਰਕਾਰੀ ਜਗ੍ਹਾ ਦਾ ਕਿਰਾਇਆ ਵਸੂਲ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ ਉੱਥੇ ਦੁਕਾਨਾਂ ਅੱਗੇ ਰੇੜੀਆਂ ਲਵਾ ਕੇ ਆਵਾਜਾਈ ਵਿਚ ਵਿਘਨ ਪਾਉਣ ਲਈ ਬਰਾਬਰ ਦੇ ਜ਼ਿੰਮੇਵਾਰ ਹਨ | ਪਰ ਪੁਲਿਸ ਪ੍ਰਸ਼ਾਸਨ ਵਲੋਂ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਕਰਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ |