ਸੁਲਤਾਨਪੁਰ ਲੋਧੀ, 21 ਜੂਨ (ਥਿੰਦ)-ਅਰਬ ਦੇਸ਼ਾਂ ਵਿਚ ਨੌਕਰੀ ਦੇ ਸੁਪਨੇ ਦਿਖਾ ਕੇ ਲਿਜਾਈਆਂ ਜਾ ਰਹੀਆਂ ਭਾਰਤੀ ਧੀਆਂ ਦੀ ਦੁਖਦਾਈ ਹਕੀਕਤ ਇੱਕ ਵਾਰ ਫਿਰ ਸਾਹਮਣੇ ਆਈ ਹੈ | ਜਲੰਧਰ ਜ਼ਿਲ੍ਹੇ ਦੀ ਇੱਕ ਲੜਕੀ, ਜੋ ਟਰੈਵਲ ਏਜੰਟਾਂ ਦੇ ਜਾਲ ਵਿਚ ਫਸ ਕੇ ਪਹਿਲਾਂ ਦੁਬਈ ਅਤੇ ਫਿਰ ਮਸਕਟ ਪਹੁੰਚ ਗਈ ਸੀ | ਬੀਤੇ ਦਿਨੀਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸੁਰੱਖਿਅਤ ਆਪਣੇ ਘਰ ਵਾਪਸ ਪਰਤ ਆਈ ਹੈ | ਪਰਿਵਾਰਕ ਮੈਂਬਰਾਂ ਸਮੇਤ ਸੰਤ ਸੀਚੇਵਾਲ ਦਾ ਧੰਨਵਾਦ ਕਰਨ ਲਈ ਪਹੁੰਚੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਦੀ ਧੀ ਵਾਪਸ ਘਰ ਨਹੀਂ ਆ ਗਈ, ਉਦੋਂ ਤੱਕ ਉਨ੍ਹਾਂ ਦੀ ਜਾਨ ਮੁੱਠੀ ਵਿਚ ਆਈ ਰਹੀ ਸੀ | ਵਾਪਸ ਪਰਤੀ ਪੀੜਤ ਲੜਕੀ ਨੇ ਜੋ ਖ਼ੁਲਾਸੇ ਕੀਤੇ ਹਨ, ਉਹ ਮਨੁੱਖੀ ਤਸਕਰੀ ਦੇ ਖ਼ਤਰਨਾਕ ਰੂਪ ਨੂੰ ਬੇਨਕਾਬ ਕਰਦੇ ਹਨ | ਉਸ ਨੇ ਦੱਸਿਆ ਕਿ ਮਸਕਟ ਵਿਚ ਉਸ ਨੇ ਨੇਪਾਲ, ਸ਼੍ਰੀਲੰਕਾ, ਮਿਆਂਮਾਰ ਅਤੇ ਭਾਰਤ ਦੀਆਂ ਕਈ ਲੜਕੀਆਂ ਨੂੰ ਬੇਹੱਦ ਮਾੜੇ ਹਾਲਾਤਾਂ ਵਿਚ ਦੇਖਿਆ | ਉਸ ਨੇ ਦਾਅਵਾ ਕੀਤਾ ਕਿ ਉੱਥੇ ਲੜਕੀਆਂ ਨੂੰ 1200 ਤੋਂ 1350 ਰਿਆਲ ਤੱਕ ਦੀ ਰਕਮ ਦੇ ਬਦਲੇ ਇੱਕ ਮਾਲਕ ਤੋਂ ਦੂਜੇ ਮਾਲਕ ਕੋਲ ਵੇਚਿਆ ਜਾ ਰਿਹਾ ਹੈ | ਪੀੜਤ ਲੜਕੀ ਨੇ ਦੱਸਿਆ ਕਿ ਉਹ 14 ਫਰਵਰੀ ਨੂੰ ਪਿੰਡ ਦੀ ਰਹਿਣ ਵਾਲੀ ਲੜਕੀ ਰਾਹੀ ਸੁਨਹਿਰੇ ਭਵਿੱਖ ਦੀ ਆਸ ਵਿਚ ਦੁਬਈ ਲਈ ਰਵਾਨਾ ਹੋਈ ਸੀ | ਜਿਸ ਨੰੂ ਉੱਥੇ ਵਧੀਆ ਕੰਮ ਤੇ 40 ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਦੁਬਈ ਵਿਚ ਟਰੈਵਲ ਏਜੰਟਾਂ ਨੇ ਉਸ ਨੂੰ ਇੱਕ ਮਹੀਨਾ ਰੱਖਣ ਤੋਂ ਬਾਅਦ ਮਸਕਟ ਭੇਜ ਦਿੱਤਾ | ਉੱਥੇ ਉਸ ਤੋਂ ਘਰੇਲੂ ਕੰਮ ਸਵੇਰੇ ਤੜਕੇ ਤੋਂ ਲੈ ਕੇ ਦੇਰ ਰਾਤ ਤੱਕ ਕਰਵਾਇਆ ਜਾਂਦਾ ਸੀ | ਨਾ ਸੌਣ ਦਾ ਕੋਈ ਨਿਰਧਾਰਿਤ ਸਮਾਂ ਸੀ ਅਤੇ ਨਾ ਹੀ ਆਰਾਮ ਦਾ ਮੌਕਾ | ਸਵੇਰੇ ਪੰਜ ਵਜੇ ਤੋਂ ਪਹਿਲਾਂ ਉੱਠਣਾ ਲਾਜ਼ਮੀ ਹੁੰਦਾ ਸੀ | ਉਸ ਨੇ ਦੱਸਿਆ ਕਿ ਜਦੋਂ ਵੀ ਉਸ ਨੇ ਭਾਰਤ ਵਾਪਸ ਜਾਣ ਦੀ ਇੱਛਾ ਜਤਾਈ ਤਾਂ ਉਸ ਨਾਲ ਸਖ਼ਤ ਵਿਵਹਾਰ ਕੀਤਾ ਜਾਂਦਾ ਅਤੇ ਕੁੱਟਮਾਰ ਵੀ ਕੀਤੀ ਜਾਂਦੀ ਸੀ | ਪਰਿਵਾਰ ਨਾਲ ਗੱਲ ਕਰਨ ਲਈ ਵੀ ਸਿਰਫ਼ 20 ਮਿੰਟ ਦਾ ਸਮਾਂ ਦਿੱਤਾ ਜਾਂਦਾ ਸੀ | ਪੀੜਤ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ 4 ਜੂਨ ਨੂੰ ਉਨ੍ਹਾਂ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਮਦਦ ਦੀ ਅਪੀਲ ਕੀਤੀ ਸੀ | ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਨੇ ਤੁਰੰਤ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ, ਜਿਸ ਦੇ ਨਤੀਜੇ ਵਜੋਂ ਲੜਕੀ 14 ਜੂਨ ਨੂੰ ਸੁਰੱਖਿਅਤ ਵਤਨ ਪਰਤ ਆਈ | ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਵਿਚ ਧੀਆਂ ਨਾਲ ਜੁੜੇ ਅਜਿਹੇ ਮਾਮਲੇ ਬੇਹੱਦ ਚਿੰਤਾਜਨਕ ਹਨ ਅਤੇ ਮਨੁੱਖੀ ਤਸਕਰੀ ਦੇ ਇਸ ਗੈਰ-ਕਾਨੂੰਨੀ ਨੈੱਟਵਰਕ ‘ਤੇ ਤੁਰੰਤ ਨੱਥ ਪਾਉਣ ਦੀ ਲੋੜ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਦੇਸ਼ੀ ਨੌਕਰੀਆਂ ਦੇ ਲਾਲਚ ਵਿਚ ਆਉਣ ਤੋਂ ਪਹਿਲਾਂ ਏਜੰਟਾਂ ਅਤੇ ਕੰਪਨੀਆਂ ਦੀ ਪੂਰੀ ਜਾਂਚ-ਪੜਤਾਲ ਜ਼ਰੂਰ ਕਰਨ, ਤਾਂ ਜੋ ਕੋਈ ਹੋਰ ਧੀ ਅਜਿਹੇ ਹਨੇਰੇ ਅਤੇ ਦਰਦਨਾਕ ਹਾਲਾਤਾਂ ਦਾ ਸ਼ਿਕਾਰ ਨਾ ਬਣੇ |
ਗੁਆਂਢੀ ਮੁਲਕਾਂ ਦੀਆਂ 1350 ਰਿਆਲ ਵਿਚ ਵੇਚੀਆਂ ਜਾ ਰਹੀਆਂ ਲੜਕੀਆਂ
ਅਜੀਤ ਡੈਸਕ
22-06-2026