ਕਪੂਰਥਲਾ, 25 ਜੂਨ (ਅਮਰਜੀਤ ਕੋਮਲ)-ਆਰ.ਸੀ.ਐਫ. ਦੇ ਵਰਕਰ ਕਲੱਬ ਦੀ 9 ਜੁਲਾਈ ਨੂੰ ਹੋਣ ਵਾਲੀ ਚੋਣ ਲਈ ਅੱਜ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ, ਜਨਰਲ ਸਕੱਤਰ ਸਰਵਜੀਤ ਸਿੰਘ, ਯੂਨੀਅਨ ਦੇ ਚੇਅਰਮੈਨ ਦਰਸ਼ਨ ਲਾਲ, ਉਪ ਪ੍ਰਧਾਨ ਤਲਵਿੰਦਰ ਸਿੰਘ ਤੇ ਯੂਨੀਅਨ ਦੇ ਪ੍ਰੈੱਸ ਸਕੱਤਰ ਅਰਵਿੰਦਰ ਕੁਮਾਰ ਸ਼ਾਹ ਦੀ ਅਗਵਾਈ ਵਿਚ ਸਕੱਤਰ ਦੇ ਅਹੁਦੇ ਲਈ ਭਰਤ ਰਾਜ, ਖ਼ਜ਼ਾਨਚੀ ਦੇ ਅਹੁਦੇ ਲਈ ਅਵਤਾਰ ਸਿੰਘ ਤੇ ਕਾਰਜਕਾਰਨੀ ਕਮੇਟੀ ਮੈਂਬਰ ਲਈ ਹਰਪ੍ਰੀਤ ਸਿੰਘ, ਅਸ਼ਵਨੀ ਕੁਮਾਰ, ਭਾਨ ਸਿੰਘ, ਪੰਕਜ ਕੁਮਾਰ ਸਿੰਘ, ਸੰਦੀਪ ਕੁਮਾਰ, ਹਰੀਓਮ ਮੀਣਾ ਨੇ ਵੱਡੀ ਗਿਣਤੀ ਵਿਚ ਯੂਨੀਅਨ ਆਗੂਆਂ ਤੇ ਵਰਕਰਾਂ ਦੀ ਹਾਜ਼ਰੀ ਵਿਚ ਆਪਣੇ ਨਾਮਜ਼ਦਗੀ ਪਰਚੇ ਆਰ.ਸੀ.ਐਫ. ਦੇ ਪ੍ਰਸ਼ਾਸਨਿਕ ਭਵਨ ਵਿਚ ਆਰ.ਸੀ.ਐਫ. ਦੇ ਸਹਾਇਕ ਪਰਸੋਨਲ ਅਫ਼ਸਰ ਗਿਰੀਧਰ ਸਿੰਘ ਨੂੰ ਸੌਂਪੇ | ਇਸ ਮੌਕੇ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਕਰਮਚਾਰੀ ਸਾਥੀਆਂ, ਯੂਨੀਅਨ ਦੇ ਡੈਲੀਗੇਟਾਂ ਤੇ ਹੋਰ ਅਹੁਦੇਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਉਨ੍ਹਾਂ ਸਾਰੇ ਅਹੁਦੇਦਾਰਾਂ, ਡੈਲੀਗੇਟਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਤੋਂ ਹੀ ਚੋਣ ਤਿਆਰੀਆਂ ਵਿਚ ਜੁੱਟ ਜਾਣ ਤਾਂ ਜੋ ਵਿਰੋਧੀ ਤਾਕਤਾਂ ਨੂੰ ਇਸ ਚੋਣ ਵਿਚ ਕਰਾਰੀ ਹਾਰ ਦਿੱਤੀ ਜਾ ਸਕੇ | ਉਨ੍ਹਾਂ ਆਸ ਪ੍ਰਗਟ ਕੀਤੀ ਕਿ ਯੂਨੀਅਨ ਦਾ 8 ਮੈਂਬਰੀ ਪੈਨਲ ਇਤਿਹਾਸਕ ਤੇ ਸ਼ਾਨਦਾਰ ਜਿੱਤ ਹਾਸਲ ਕਰੇਗਾ | ਇਸਤੋਂ ਪਹਿਲਾਂ ਯੂਨੀਅਨ ਦੀ ਜਨਰਲ ਕੌਂਸਲ ਦੀ ਇਕ ਮਹੱਤਵਪੂਰਨ ਮੀਟਿੰਗ ਹੋਈ | ਜਿਸ ਵਿਚ ਵਰਕਰ ਕਲੱਬ ਦੀਆਂ ਚੋਣਾਂ ਸਬੰਧੀ ਵਿਸਥਾਰਪੂਰਵਕ ਚਰਚਾ ਹੋਈ | ਇਸ ਮੌਕੇ ਬੋਲਦਿਆਂ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ ਨੇ ਕਿਹਾ ਕਿ ਕਲੱਬ ਕੇਵਲ ਮਨੋਰੰਜਨ ਲਈ ਨਹੀਂ ਸਗੋਂ ਕਰਮਚਾਰੀਆਂ ਦੀ ਏਕਤਾ, ਭਲਾਈ, ਖੇਡਾਂ ਤੇ ਸਭਿਆਚਾਰਕ ਗਤੀਵਿਧੀਆਂ ਦਾ ਇਕ ਮਹੱਤਵਪੂਰਨ ਕੇਂਦਰ ਹੈ | ਉਨ੍ਹਾਂ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਕਿ ਉਹ ਕਲੱਬ ਦੀਆਂ ਚੋਣਾਂ ਵਿਚ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਯੂਨੀਅਨ ਦੇ ਪੈਨਲ ਦੀ ਇਤਿਹਾਸਕ ਜਿੱਤ ਦਰਜ ਕਰਵਾਉਣ ਵਿਚ ਵੱਧ ਚੜਕੇ ਯੋਗਦਾਨ ਪਾਉਣ | ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਚੇਅਰਮੈਨ ਇੰਜ. ਦਰਸ਼ਨ ਲਾਲ ਨੇ ਯੂਨੀਅਨ ਦੇ ਗੌਰਵਮਈ ਇਤਿਹਾਸ ਤੇ ਸੰਘਰਸ਼ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਤੇ ਉਨ੍ਹਾਂ ਕਲੱਬ ਦੀ ਪੁਰਾਣੀ ਕਮੇਟੀ ਵਲੋਂ ਕੀਤੇ ਗਏ ਲੋਕ ਹਿਤੈਸ਼ੀ ਕੰਮਾਂ ਦੀ ਸ਼ਲਾਘਾ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਕਲੱਬ ਦੀ ਚੋਣ ਲਈ ਯੂਨੀਅਨ ਦੇ ਨਾਮਜ਼ਦ ਕੀਤੇ ਗਏ ਪੈਨਲ ਬਾਰੇ ਹਾਜ਼ਰ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਤੇ ਕਿਹਾ ਕਿ ਪੈਨਲ ਦੇ ਮੈਂਬਰ ਤਜਰਬੇਕਾਰ ਤੇ ਕਰਮਚਾਰੀਆਂ ਦੀ ਸੇਵਾ ਲਈ ਸਮਰਪਿਤ ਹਨ | ਉਨ੍ਹਾਂ ਕਿਹਾ ਕਿ ਆਰ.ਸੀ.ਐਫ. ਦੇ ਵਰਕਰ ਕਲੱਬ ਨੇ ਭਾਰਤੀ ਰੇਲਵੇ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ ਤੇ ਕਲੱਬ ਦੇ ਫ਼ੰਡ ਦੀ ਸੁਚਾਰੂ ਤਰੀਕੇ ਨਾਲ ਵਰਤੋਂ ਕੀਤੀ ਹੈ | ਯੂਨੀਅਨ ਦੇ ਉਪ ਪ੍ਰਧਾਨ ਤੇ ਆਰ.ਸੀ.ਐਫ. ਥਿ੍ਫਟ ਐਂਡ ਕ੍ਰੈਡਿਟ ਸੁਸਾਇਟੀ ਦੇ ਪ੍ਰਧਾਨ ਤਲਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ 25 ਸਾਲਾਂ ਵਿਚ ਯੂਨੀਅਨ ਨੇ ਨਾ ਕੇਵਲ ਕਲੱਬ ਦੀਆਂ ਪ੍ਰੰਪਰਾਵਾਂ ਨੂੰ ਸੰਭਾਲਿਆ ਹੈ ਸਗੋਂ ਸ਼ਾਨਦਾਰ ਪ੍ਰਬੰਧਨ ਤੇ ਦੂਰਅੰਦੇਸ਼ੀ ਸੋਚ ਨਾਲ ਇਸਨੂੰ ਨਵੀਆਂ ਉਚਾਈਆਂ ਤੇ ਪਹੁੰਚਾਇਆ ਹੈ | ਯੂਨੀਅਨ ਦੇ ਪ੍ਰੈੱਸ ਸਕੱਤਰ ਅਰਵਿੰਦਰ ਕੁਮਾਰ ਸ਼ਾਹ ਨੇ ਵੀ ਆਰ.ਸੀ.ਐਫ. ਦੇ ਵਰਕਰ ਕਲੱਬ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਲੇਖਾ ਜੋਖਾ ਪੇਸ਼ ਕੀਤਾ | ਮੀਟਿੰਗ ਵਿਚ ਆਈ.ਆਰ.ਟੀ.ਐਸ.ਏ. ਦੇ ਜ਼ੋਨਲ ਸਕੱਤਰ ਜਗਤਾਰ ਸਿੰਘ, ਇੰਜੀਨੀਅਰ ਐਸੋਸੀਏਸ਼ਨ ਤੋਂ ਦਲਬੀਰ ਸਿੰਘ ਤੇ ਮਨੋਜ ਸ਼ਰਮਾ ਤੋਂ ਇਲਾਵਾ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਆਗੂ ਤੇ ਵਰਕਿੰਗ ਕਮੇਟੀ ਦੇ ਮੈਂਬਰ, ਡਵੀਜ਼ਨ ਮੈਂਬਰ, ਡੈਲੀਗੇਟ ਤੇ ਵੱਡੀ ਗਿਣਤੀ ਵਿਚ ਕਰਮਚਾਰੀ ਸਾਥੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |