aਭੁਲੱਥ, 7 ਜੁਲਾਈ (ਮਨਜੀਤ ਸਿੰਘ ਰਤਨ)- ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਵੱਲੋਂ ਕਲੱਬ ਦੇ ਚੇਅਰਮੈਨ ਵਿਕਾਸ ਜੁਲਕਾ ਅਤੇ ਪ੍ਰਧਾਨ ਮਨਜੀਤ ਕੌਰ ਲਾਲੀਆ ਦੀ ਅਗਵਾਈ ਹੇਠ 5 ਹਜ਼ਾਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ | ਜਿਸ ਦੌਰਾਨ ਅੱਜ ਪਹਿਲੇ ਦਿਨ ਭੁਲੱਥ ਤੋਂ ਭੋਗਪੁਰ ਸੜਕ ਦੇ ਆਸੇ-ਪਾਸੇ ਬੂਟੇ ਲਗਾਏ ਗਏ | ਇਸ ਮੌਕੇ ‘ਤੇ ਲਾਇਨਜ਼ ਦੇ ਫੂਡ ਫਾਰ ਹੰਗਰ ਪ੍ਰੋਗਰਾਮ ਦੇ ਮਲਟੀਪਲ ਚੇਅਰਮੈਨ ਰਸ਼ਪਾਲ ਸਿੰਘ ਬੱਚਾਜੀਵੀ ਅਤੇ ਲਾਇਨਜ਼ ਡਿਸਟਿ੍ਕ 321-ਡੀ ਦੇ ਇਨਵਾਇਰਨਮੈਂਟ ਪ੍ਰੋਗਰਾਮ ਦੇ ਚੇਅਰਮੈਨ ਭਰਤ ਗੁਪਤਾ ਵਿਸ਼ੇਸ਼ ‘ਤੇ ਸ਼ਮੂਲੀਅਤ ਕੀਤੀ | ਬੂਟੇ ਲਗਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਰਸ਼ਪਾਲ ਸਿੰਘ ਬੱਚਾਜੀਵੀ ਅਤੇ ਚੇਅਰਮੈਨ ਭਰਤ ਗੁਪਤਾ ਨੇ ਆਖਿਆ ਕਿ ਲਾਇਨਜ਼ ਇੰਟਰਨੈਸ਼ਨਲ ਦਾ ਵਰ੍ਹਾ ਇੱਕ ਜੁਲਾਈ ਤੋਂ ਸ਼ੁਰੂ ਹੋ ਕੇ ਅਗਲੇ ਵਰ੍ਹੇ ਦੀ 30 ਜੂਨ ਤੱਕ ਹੁੰਦਾ ਹੈ ਅਤੇ ਲਾਇਨਜ਼ ਕਲੱਬ ਭੁਲੱਥ ਵਿਸ਼ਵਾਸ ਵੱਲੋਂ ਸਾਲ ਦਾ ਪਹਿਲਾ ਕੰਮ ਵਾਤਾਵਰਨ ਨੂੰ ਲੈ ਕੇ ਕੀਤਾ ਗਿਆ ਹੈ, ਇਹ ਸਾਡੇ ਇਲਾਕੇ ਲਈ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਭੁਲੱਥ ਕਲੱਬ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਵਾਸਤੇ ਪੰਜ ਹਜ਼ਾਰ ਪੌਦੇ ਲਗਾਏ ਜਾ ਰਹੇ ਹਨ | ਉਨ੍ਹਾਂ ਆਖਿਆ ਕਿ ਹਰੇਕ ਵਿਅਕਤੀ ਆਪਣੇ ਜੀਵਨ ਵਿਚ ਇੱਕ ਬੂਟਾ ਲਗਾਏ ਅਤੇ ਉਸਦਾ ਪਾਲਣ ਪੋਸ਼ਣ ਕਰੇ, ਅਜਿਹਾ ਕਰਨ ਨਾਲ ਸਾਡਾ ਚੌਗਿਰਦਾ ਹਰਾ ਭਰਾ ਹੋ ਜਾਵੇਗਾ | ਕਲੱਬ ਦੇ ਚੇਅਰਮੈਨ ਵਿਕਾਸ ਜੁਲਕਾ ਨੇ ਆਖਿਆ ਕਿ ਇਹ ਪ੍ਰੋਗਰਾਮ ਢਿਲਵਾਂ ਬਲਾਕ ਦੇ ਜੰਗਲਾਤ ਅਫ਼ਸਰ ਜਸਮੀਤ ਸਿੰਘ ਦੇ ਸਹਿਯੋਗ ਨਾਲ ਉਲੀਕਿਆ ਗਿਆ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦੇ ਨੇੜੇ ਲੱਗੇ ਬੂਟਿਆਂ ਦੀ ਸਾਂਭ ਸੰਭਾਲ ਲਈ ਮੋਹਰੀ ਰੋਲ ਅਦਾ ਕਰਨ ਅਤੇ ਰਾਹਗੀਰਾਂ ਨੂੰ ਵੀ ਅਪੀਲ ਕੀਤੀ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸੜਕ ਤੋਂ ਲੰਘਦਾ ਕੋਈ ਪਸ਼ੂ ਇਨ੍ਹਾਂ ਬੂਟਿਆਂ ਦਾ ਨੁਕਸਾਨ ਨਾ ਕਰੇ | ਉਨ੍ਹਾਂ ਨੇ ਆਖਿਆ ਕਿ ਬੂਟੇ ਲਗਾਉਣੇ ਬਹੁਤ ਸੌਖੇ ਹਨ, ਪਰ ਪਾਲਣੇ ਬਹੁਤ ਔਖੇ ਹਨ | ਇਹ ਬੱਚਿਆਂ ਵਾਂਗ ਪਲਦੇ ਹਨ | ਇਸ ਮੌਕੇ ਸਾਬਕਾ ਪ੍ਰਧਾਨ ਰਾਧੇ ਸ਼ਾਮ ਅਰੋੜਾ, ਹੈਪੀ ਖਿੰਦੜੀਆ, ਪ੍ਰਭਜੋਤ ਸਿੰਘ ਘੁੰਮਣ, ਗੁਰਦੀਪ ਸਿੰਘ, ਰੁਪੇਸ਼ ਖੁਰਾਣਾ, ਸੁਖਜਿੰਦਰ ਸਿੰਘ ਘੋਤੜਾ, ਐਨੀ ਭਾਟੀਆ, ਅਰਸ਼ ਕਪੂਰ, ਸੁਖਦੇਵ ਰਾਜ ਜੰਗੀ, ਹਰਜਿੰਦਰ ਸਿੰਘ ਤਲਵੰਡੀ ਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |