ਕਪੂਰਥਲਾ, 14 ਜੁਲਾਈ (ਅਮਰਜੀਤ ਕੋਮਲ)- ਪੰਜਾਬ ਵਿਚ 1982 ਦੇ ਧਰਮ ਯੁੱਧ ਮੋਰਚੇ ਤੋਂ ਲੈ ਕੇ 1995 ਵਿਚ ਮਨੁੱਖੀ ਹੱਕਾਂ ਦੇ ਰਖਵਾਲੇ ਜਸਵੰਤ ਸਿੰਘ ਖਾਲੜਾ ਦੇ ਲਾਪਤਾ ਹੋਣ ਦੇ ਸਮੇਂ ਤੱਕ ਵਾਪਰੇ ਘਟਨਾਕ੍ਰਮ ਦੀ ਜਾਂਚ ਲਈ ‘ਪੰਜਾਬ ਸੱਚ, ਜਵਾਬਦੇਹੀ ਅਤੇ ਮੇਲ ਮਿਲਾਪ ਕਮਿਸ਼ਨ’ ਬਣਾਇਆ ਜਾਵੇ ਤਾਂ ਜੋ ਸਚਾਈ ਸਾਹਮਣੇ ਆ ਸਕੇ | ਇਹ ਗੱਲ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੀਨੀਅਰ ਅਕਾਲੀ ਆਗੂ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਕਪੂਰਥਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਇਸ ਕਾਲੇ ਦੌਰ ਦੌਰਾਨ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁੱ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ 25 ਹਜ਼ਾਰ ਦੇ ਕਰੀਬ ਸਿੱਖ ਨੌਜਵਾਨਾਂ, ਬੱਚਿਆਂ, ਬਜ਼ੁਰਗਾਂ, ਬੀਬੀਆਂ ਤੇ ਹੋਰ ਵਰਗਾਂ ਨਾਲ ਸਬੰਧਿਤ ਲੋਕਾਂ ਦਾ ਕਤਲੇਆਮ ਕਰਕੇ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਉਨ੍ਹਾਂ ਦੇ ਸਸਕਾਰ ਕਰ ਦਿੱਤੇ | ਉਨ੍ਹਾਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਨਾਂਅ ਲਏ ਬਿਨਾਂ ਕਿਹਾ ਕਿ ਕਿਸੇ ਵੀ ਆਗੂ ਨੂੰ ਸੰਵੇਦਨਸ਼ੀਲ ਮਾਮਲਿਆਂ ਬਾਰੇ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ | ਬੀਬੀ ਜਗੀਰ ਕੌਰ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੇ ਜੀਵਨ ਆਧਾਰਤ ਕੁੱਝ ਦਿਨ ਪਹਿਲਾਂ ਰਿਲੀਜ਼ ਹੋਈ ਫ਼ਿਲਮ ‘ਸਤਲੁਜ’ ਜਿਸ ‘ਤੇ ਕੇਂਦਰ ਸਰਕਾਰ ਵਲੋਂ ਦੋ ਦਿਨ ਬਾਅਦ ਹੀ ਪਾਬੰਦੀ ਲਗਾ ਦਿੱਤੀ ਗਈ ਸੀ ਨੇ ਇਸ ਸਮੇਂ ਵਿਚ ਬੇਗੁਨਾਹ ਲੋਕਾਂ ਦੀਆਂ ਪੀੜਾਂ ਨੂੰ ਉਜਾਗਰ ਕੀਤਾ ਹੈ | ਸ਼ੋ੍ਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਹਮੇਸ਼ਾ ਇਹ ਕਹਿੰਦੇ ਹਨ ਕਿ ਮੈਂ ਸਿੱਖਾਂ ਦਾ ਸਤਿਕਾਰ ਕਰਦਾ ਹਾਂ ਤੇ ਉਨ੍ਹਾਂ ਨਾਲ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਹਮੇਸ਼ਾ ਯਤਨਸ਼ੀਲ ਹਾਂ, ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਸੱਚਮੁੱਚ ਹੀ ਸਿੱਖਾਂ ਦਾ ਦਰਦ ਵੰਡਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਸਿੱਖ ਭਾਈਚਾਰੇ ਨਾਲ ਹੋਈਆਂ ਵਧੀਕੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਨਸਾਫ਼ ਦਿਵਾਉਣਾ ਚਾਹੀਦਾ ਹੈ| ਇਸ ਤੋਂ ਪਹਿਲਾਂ ਸ਼ੋ੍ਮਣੀ ਅਕਾਲੀ ਦਲ (ਪੁਨਰ ਸੁਰਜੀਤ), ਇੰਟਰਨੈਸ਼ਨਲ ਪੰਥਕ ਦਲ, ਯੂਨਾਈਟਿਡ ਅਕਾਲੀ ਦਲ, ਬੇਗਮਪੁਰਾ ਖ਼ਾਲਸਾ ਰਾਜ ਪਾਰਟੀ ਤੇ ਪੰਥਕ ਆਜ਼ਾਦ ਗਰੁੱਪ ਵਲੋਂ ਬੀਬੀ ਜਗੀਰ ਕੌਰ ਨੇ ਸ਼ੋ੍ਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਤੇ ਵਰਕਰਾਂ ਨਾਲ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇਕ ਮੰਗ ਪੱਤਰ ਦਿੱਤਾ, ਜਿਸ ਵਿਚ ਮੰਗ ਕੀਤੀ ਗਈ ਕਿ ਪੰਜਾਬ ਵਿਚ 1982 ਦੇ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਤੋਂ ਲੈ ਕੇ 1995 ਵਿਚ ਜਸਵੰਤ ਸਿੰਘ ਖਾਲੜਾ ਦੇ ਲਾਪਤਾ ਹੋਣ ਦੇ ਸਮੇਂ ਦੌਰਾਨ ਵਾਪਰੇ ਘਟਨਾਕ੍ਰਮ ਦੇ ਜਾਂਚ ਲਈ ‘ਟਰੁੱਥ ਕਮਿਸ਼ਨ ਬਣਾਇਆ ਜਾਵੇ, ਜਸਵੰਤ ਸਿੰਘ ਖਾਲੜਾ ਦੇ ਜੀਵਨ ਆਧਾਰਤ ਫ਼ਿਲਮ ‘ਪੰਜਾਬ 1995’ ਨੂੰ ਬਿਨਾਂ ਕਿਸੇ ਸੈਂਸਰ ਕੱਟ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਕੀਤਾ ਜਾਵੇ, ਜਸਵੰਤ ਸਿੰਘ ਖਾਲੜਾ ਦੇ ਕਤਲ ਕੇਸ ਵਿਚ ਸਰਾ ਯਾਫ਼ਤਾ ਡੀ.ਐੱਸ.ਪੀ. ਜਸਪਾਲ ਸਿੰਘ ਦੇ ਜੇਲ੍ਹ ਵਿਚੋਂ ਛੁੱਟੀ ਤੇ ਜਾਣ ਤੋਂ ਬਾਅਦ ਫ਼ਰਾਰ ਹੋਣ ਦੇ ਮਾਮਲੇ ਦੀ ਪੜਤਾਲ ਕਰਵਾਕੇ ਉਨ੍ਹਾਂ ਨੂੰ ਮੁੜ ਜੇਲ੍ਹ ਵਿਚ ਬੰਦ ਕਰਕੇ ਸਜ਼ਾ ਮੁਆਫ਼ੀ ਦੀ ਸਿਫ਼ਾਰਸ਼ਾਂ ਕਰਨ ਵਾਲਿਆਂ ਨੂੰ ਨਸ਼ਰ ਕੀਤਾ ਜਾਵੇ | ਇਸ ਮੌਕੇ ਸ਼ੋ੍ਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰਜੀਤ ਸਿੰਘ ਭੁੱਲਰ, ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਵਿਜੋਲਾ, ਸੀਨੀਅਰ ਅਕਾਲੀ ਆਗੂ ਤੇ ਉੱਘੇ ਲੇਖਕ ਪੋ੍ਰ. ਜਸਵੰਤ ਸਿੰਘ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਐਡਵੋਕੇਟ ਪਲਵਿੰਦਰ ਸਿੰਘ, ਐਡਵੋਕੇਟ ਮਨਿੰਦਰ ਸਿੰਘ, ਐਡਵੋਕੇਟ ਮਨਦੀਪ ਸਿੰਘ, ਐਡਵੋਕੇਟ ਕੰਵਲਜੀਤ ਸਿੰਘ, ਐਡਵੋਕੇਟ ਪਿ੍ੰਸ ਕੌਸ਼ਲ, ਰਜਿੰਦਰ ਸਿੰਘ ਲੱਧੜ, ਬਲਜੀਤ ਸਿੰਘ ਹਮੀਰਾ, ਬਲਵਿੰਦਰ ਸਿੰਘ ਡੋਗਰਾਂਵਾਲ, ਪ੍ਰਭਜੀਤ ਸਿੰਘ ਧਾਲੀਵਾਲ, ਜਸਵੰਤ ਸਿੰਘ ਧਾਲੀਵਾਲ, ਲਖਵਿੰਦਰ ਸਿੰਘ ਲੱਕੀ, ਜਸਬੀਰ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਨੰਬਰਦਾਰ, ਜਥੇਦਾਰ ਗੁਰਦਿਆਲ ਸਿੰਘ ਸੁਲਤਾਨਪੁਰ ਲੋਧੀ, ਗੁਰਪਿ੍ੰਸ ਸਿੰਘ ਗੋਪੀ, ਤਲਬੀਰ ਸਿੰਘ, ਸੁਖਪਾਲ ਸਿੰਘ, ਜਥੇਦਾਰ ਊੜਾ ਸਿੰਘ, ਭੁੱਲਾ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ, ਉਂਕਾਰ ਸਿੰਘ ਸਾਬਕਾ ਕੌਂਸਲਰ, ਇੰਦਰਜੀਤ ਸਿੰਘ ਢਿਲਵਾਂ, ਸੁਖਚੈਨ ਸਿੰਘ ਬੇਗੋਵਾਲ, ਮਾਸਟਰ ਕਰਨੈਲ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ ਬੇਗੋਵਾਲ, ਅਵਤਾਰ ਸਿੰਘ ਭੁੱਲਰ ਬੇਟ, ਬਲਕਾਰ ਸਿੰਘ ਬੇਗੋਵਾਲ, ਦਲਜੀਤ ਸਿੰਘ ਚੀਮਾ ਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ |