ਕਪੂਰਥਲਾ, 18 ਜੁਲਾਈ (ਵਿ.ਪ੍ਰ.)-ਮਾਸਟਰ ਕੇਡਰ ਯੂਨੀਅਨ ਦੇ ਇਕ ਸੂਬਾ ਪੱਧਰੀ ਵਫ਼ਦ ਨੇ ਯੂਨੀਅਨ ਦੇ ਸੂਬਾਈ ਸਰਪ੍ਰਸਤ ਹਰਭਜਨ ਸਿੰਘ, ਸੂਬਾਈ ਉਪ ਪ੍ਰਧਾਨ ਜਗਜੀਤ ਸਿੰਘ, ਸੂਬਾ ਸਕੱਤਰ ਜਨਰਲ ਅਰਜਿੰਦਰ ਸਿੰਘ ਕਲੇਰ ਤੇ ਸੂਬਾ ਵਿੱਤ ਸਕੱਤਰ ਰਮਨ ਸਿੰਘ ਦੀ ਅਗਵਾਈ ਵਿਚ ਪੰਜਾਬ ਦੇ ਡੀ.ਪੀ.ਆਈ. ਸੈਕੰਡਰੀ ਸਕੱਤਰ ਸਿੰਘ ਬੱਲ ਦੀ ਮੌਜੂਦਗੀ ਵਿਚ ਸਿੱਖਿਆ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾਈ ਸਕੱਤਰ ਸੰਦੀਪ ਕੁਮਾਰ ਤੇ ਸੂਬਾਈ ਆਗੂ ਹਰਪ੍ਰੀਤ ਸਿੰਘ ਖੁੰਡਾ ਨੇ ਦੱਸਿਆ ਕਿ ਮੀਟਿੰਗ ਵਿਚ ਅਧਿਆਪਕਾਂ ਦੀਆਂ ਅੰਤਰ ਜ਼ਿਲ੍ਹਾ ਬਦਲੀਆਂ ਤੋਂ ਬਾਅਦ 25 ਜੁਲਾਈ ਤੱਕ ਆਪਸੀ ਜਾਂ ਮਿਊਚਲ ਬਦਲੀਆਂ ਦਾ ਵਿਸ਼ੇਸ਼ ਮੌਕਾ ਦੇਣ, ਐਸ.ਓ.ਈ. ਸਕੂਲਾਂ ਵਿਚ ਸਵੈ ਇੱਛਾ ਅਨੁਸਾਰ ਬਦਲੀਆਂ ਕਰਨ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਦੀ ਬੋਰਡ ਦੀ ਪ੍ਰੀਖਿਆ ਲਈ ਸੈੱਲਫ਼ ਸੈਂਟਰ ਬਣਾਉਣ ਸਬੰਧੀ ਡੀ.ਪੀ.ਆਈ. ਵਲੋਂ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਸਾਲ 2025 ਵਿਚ ਪਦਉਨਤ ਹੋਏ ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਦੇ ਅਧਿਆਪਕਾਂ ਦਾ ਪਰਖਕਾਲ ਦਾ ਸਮਾਂ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਚ ਹਾਜ਼ਰੀ ਤੋਂ ਨਿਸ਼ਚਿਤ ਕਰਨ, ਲੈਕਚਰਾਰ ਤੋਂ ਪਿ੍ੰਸੀਪਲ, ਮਾਸਟਰ ਤੋਂ ਹੈੱਡ ਮਾਸਟਰ ਦੀਆ ਤਰੱਕੀਆਂ 15 ਦਿਨਾਂ ਵਿਚ ਡੀ.ਪੀ.ਸੀ. ਕਰਨ ਤੋਂ ਬਾਅਦ ਅਗਸਤ ਮਹੀਨੇ ਵਿਚ ਕਰਨ, ਪ੍ਰਾਇਮਰੀ ਕੇਡਰ ਤੋਂ ਮਾਸਟਰ ਕੇਡਰ, ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਤੇ ਨਾਨ ਟੀਚਿੰਗ ਤੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਸਬੰਧੀ ਨਵਾਂ ਨੋਟਿਸ ਜਾਰੀ ਕਰਨ ਉਪਰੰਤ ਜਲਦੀ ਕਰਨ ਦਾ ਭਰੋਸਾ ਦਿਵਾਇਆ ਗਿਆ | ਮੀਟਿੰਗ ਵਿਚ ਛੁੱਟੀਆਂ ਦੌਰਾਨ ਅਧਿਆਪਕਾਂ ਤੋਂ ਗੈਰ ਵਿੱਦਿਅਕ ਡਿਊਟੀਆਂ ਦੇ ਇਵਜ਼ ਵਿਚ ਬਣਦੀ ਛੁੱਟੀ ਦੇਣ, ਬਾਰਡਰ ਏਰੀਏ ਵਿਚ ਸੇਵਾਵਾਂ ਦੇ ਰਹੇ ਅਧਿਆਪਕਾਂ ਨੂੰ ਵਾਧੂ ਇਨਕਰੀਮੈਂਟ ਦੇਣ, ਪੈਨਸ਼ਨ 2.59 ਦੇ ਗੁਣਾਂਕ ਨਾਲ ਜਾਰੀ ਕਰਨ ਆਦਿ ਮਾਮਲਿਆਂ ਬਾਰੇ ਵਿਚਾਰ ਚਰਚਾ ਹੋਈ | ਅਧਿਆਪਕ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿਚ ਵੱਖ-ਵੱਖ ਮੰਗਾਂ ਸਬੰਧੀ ਡੀ.ਪੀ.ਆਈ. ਸੈਕੰਡਰੀ ਵਲੋਂ ਯੋਗ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ | ਮੀਟਿੰਗ ਵਿਚ ਪ੍ਰਭਜਿੰਦਰ ਸਿੰਘ, ਗੁਰਮੇਜ ਸਿੰਘ, ਕੰਵਰ ਸੰਧੂ, ਸੁਖਦੇਵ ਸਿੰਘ ਕਾਜਲ, ਹਰਪ੍ਰੀਤ ਸਿੰਘ ਖੁੰਡਾ, ਮਨਜਿੰਦਰ ਸਿੰਘ ਢਿੱਲੋਂ, ਮਨਜਿੰਦਰ ਸਿੰਘ ਲਾਲਪੁਰਾ, ਦਰਸ਼ਨ ਸਿੰਘ, ਸਵਰਨ ਸਿੰਘ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਲਲਿਤ ਕੁਮਾਰ, ਪ੍ਰਵੀਨ ਕੁਮਾਰ, ਸੁਰਜੀਤ ਕੁਮਾਰ, ਅੰਗਰੇਜ ਸਿੰਘ ਆਦਿ ਹਾਜ਼ਰ ਸਨ |
ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪੱਧਰੀ ਵਫ਼ਦ ਦੀ ਡੀ.ਪੀ.ਆਈ. ਸੈਕੰਡਰੀ ਸਕੱਤਰ ਸਿੰਘ ਬੱਲ ਨਾਲ ਮੀਟਿੰਗ
ਅਜੀਤ ਡੈਸਕ
19-07-2026