ਜਲੰਧਰ, 17 ਅਗਸਤ (ਅ.ਬ.)- ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨਲ ਵੈਲਫੇਅਰ ਐਸੋਸੀਏਸ਼ਨ ਵਲੋਂ ਜਲੰਧਰ ਵਿਖੇ 80ਵਾਂ ਆਜ਼ਾਦੀ ਦਿਵਸ ਮਨਾਇਆ ਗਿਆ । ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ’ਚ ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਦੇ ਰਿਟਾਇਰਡ ਜਵਾਨਾਂ ਅਤੇ ਵੀਰਾਂਗਣਾਵਾਂ ਨੇ ਭਾਗ ਲਿਆ । ਐਸੋਸੀਏਸ਼ਨ ਦੇ ਪ੍ਰਧਾਨ ਪੀ . ਐਸ. ਸੰਧੂ ਨੇ ਸਾਰੇ ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਦੇ ਸਰਵਿਸ ਅਤੇ ਰਿਟਾਇਰਡ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਜ਼ਾਦੀ ਦਿਵਸ ਦੀਆਂ ਮੁਬਾਰਕਨਾਵਾਂ ਦਿੱਤੀਆਂ। ਸ੍ਰੀ ਸੰਧੂ ਨੇ ਕਿਹਾ ਕਿ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਅਤੇ ਉਸ ਦਿਨ ਤੋਂ ਅੱਜ ਤੱਕ ਦੇਸ਼ ਦੀ ਆਜ਼ਾਦੀ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਵਿੱਚ ਭਾਰਤ ਦੀਆਂ ਆਰਮਡ ਫੋਰਸਿਜ਼ ਅਤੇ ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਦੇ ਜਵਾਨਾਂ ਦਾ ਵੱਡਾ ਯੋਗਦਾਨ ਹੈ । ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਦੇ ਜਵਾਨ ਬਾਰਡਰਾਂ, ਨਕਸਲ ਪ੍ਰਭਾਵਿਤ ਇਲਾਕਿਆਂ, ਜੰਮੂ-ਕਸ਼ਮੀਰ, ਲਾਈਨ ਆਫ ਕੰਟਰੋਲ ਅਤੇ ਨਾਰਥ-ਈਸਟ ਸਮੇਤ ਔਖੇ ਇਲਾਕਿਆਂ ਵਿੱਚ 24 ਘੰਟੇ ਡਿਊਟੀ ਨਿਭਾ ਰਹੇ ਹਨ । ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਪੀ. ਐਸ. ਸੰਧੂ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ 15 ਅਗਸਤ ਦੇ ਜ਼ਿਲ੍ਹਾ ਪੱਧਰੀ ਸਮਾਗਮ ਲਈ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ । ਸ੍ਰੀ ਸੰਧੂ ਅਤੇ ਉਨ੍ਹਾਂ ਦੇ ਮੈਂਬਰਾਂ ਨੇ ਗੁਰੂ ਨਾਨਕ ਸਟੇਡੀਅਮ, ਕਪੂਰਥਲਾ ਵਿਖੇ ਕਰਵਾਏ ਗਏ ਆਜ਼ਾਦੀ ਦਿਵਸ ਸਮਾਗਮ ਵਿੱਚ ਵੀ ਭਾਗ ਲਿਆ । ਸ੍ਰੀ ਸੰਧੂ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਦੇ ਰਿਟਾਇਰਡ ਜਵਾਨਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਆਜ਼ਾਦੀ ਦਿਵਸ ਵਰਗੇ ਮਹੱਤਵਪੂਰਨ ਰਾਸ਼ਟਰੀ ਸਮਾਗਮ ’ਚ ਸਨਮਾਨ ਨਾਲ ਸੱਦਾ ਦਿੱਤਾ ਜਾ ਰਿਹਾ ਹੈ । ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਦੇ ਜਵਾਨਾਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਨਾਲ ਸੰਬੰਧਿਤ ਓਲਡ ਪੈਨਸ਼ਨ ਸਕੀਮ ਦੇ ਮਾਮਲੇ ’ਤੇ ਜਲਦ ਸੁਣਵਾਈ ਕਰਵਾ ਕੇ ਸਰਕਾਰੀ ਕਰਮਚਾਰੀਆਂ ਦੇ ਹੱਕ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਐਸੋਸੀਏਸ਼ਨ ਦੀ ਟੀਮ ਨੇ 15 ਅਗਸਤ 2026 ਦੀ ਸ਼ਾਮ ਅਟਾਰੀ-ਵਾਘਾ ਸਰਹੱਦ ਵਿਖੇ ਰਿਟਰੀਟ ਸਮਾਰੋਹ ਦਾ ਵੀ ਆਨੰਦ ਮਾਣਿਆ । ਇਸ ਮੌਕੇ ਵਾਇਸ ਇੰਸਪੈਕਟਰ (ਰਿਟਾਇਰਡ) ਕੇ. ਜੀ. ਸ਼ਰਮਾ, ਇੰਸਪੈਕਟਰ (ਰਿਟਾਇਰਡ) ਹਰਨੀਤ ਸਿੰਘ, ਇੰਸਪੈਕਟਰ ਹੈੱਡ ਕਲਰਕ (ਰਿਟਾਇਰਡ) ਕਰਮ ਚੰਦ, ਸਬ ਇੰਸਪੈਕਟਰ (ਰਿਟਾਇਰਡ) ਬਲਵਿੰਦਰ ਸਿੰਘ ਮਾਂਗਟ, ਸਬ-ਇੰਸਪੈਕਟਰ (ਰਿਟਾਇਰਡ) ਗੁਰਪ੍ਰਗਟ ਸਿੰਘ, ਅਸਿਸਟੈਂਟ ਸਬ-ਇੰਸਪੈਕਟਰ (ਰਿਟਾਇਰਡ) ਓਂਕਾਰ ਸਿੰਘ ਅਤੇ ਹੈੱਡ ਕਾਂਸਟੇਬਲ (ਰਿਟਾਇਰਡ) ਸੁਰਿੰਦਰ ਸਿੰਘ ਠਾਪਾ ਸਮੇਤ ਹੋਰ ਮੈਂਬਰ ਹਾਜ਼ਰ ਸਨ ।