ਐਸੋਸੀਏਟ ਅਧਿਆਪਕ ਫਰੰਟ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਗਟ
ਕਪੂਰਥਲਾ, 26 ਅਗਸਤ (ਸਡਾਨਾ)-ਐਸੋਸੀਏਟ ਅਧਿਆਪਕ ਫਰੰਟ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਥਾਨਕ ਸ਼ਾਲਾਮਾਰ ਬਾਗ ਵਿਖੇ ਸਰਕਾਰ ਵਿਰੁੱਧ ਰੋਸ ਵਿਖਾਵਾ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਕਾਰ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੂੰ ਪੇ ਸਕੇਲ ਤੇ ਮਿਲਦੀਆਂ ਹੋਰ ਰੈਗੂਲਰ ਸਹੂਲਤਾਂ ਤੋਂ ਵਾਂਝੇ ਰੱਖ ਰਹੀ ਹੈ | ਉਨ੍ਹਾਂ ਦੱਸਿਆ ਕਿ ਨਿਗੁਣਾ ਤਨਖ਼ਾਹ ਵਾਧਾ ਤੇ 58 ਸਾਲ ਤੱਕ ਨੌਕਰੀ ਸੁਰੱਖਿਅਤ ਰੱਖਣ ਦੇ ਨਿਯੁਕਤੀ ਪੱਤਰ ਤਾਂ ਦਿੱਤੇ ਪਰ ਉਹ ਖਾਲੀ ਕਾਗਜ਼ ਹੀ ਸਾਬਤ ਹੋ ਰਹੇ ਹਨ ਤੇ ਉਨ੍ਹਾਂ ਨੂੰ ਰੈਗੂਲਰ ਮੁਲਾਜ਼ਮ ਵਾਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ | ਉਨ੍ਹਾਂ ਦੱਸਿਆ ਕਿ ਸਰਕਾਰ ਦੇ ਇਸ ਵਤੀਰੇ ਕਾਰਨ ਅਧਿਆਪਕ ਵਰਗ ਵਿਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ | ਜਿਸ ਕਾਰਨ ਮਜਬੂਰ ਹੋ ਕੇ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਿਆ ਹੈ | ਇਸ ਰੋਸ ਵਿਖਾਵੇ ਦੌਰਾਨ ਰੁਪਿੰਦਰ ਸਿੰਘ, ਸ਼ਮਿੰਦਰ ਕੌਰ, ਰਾਜਵੀਰ ਕੌਰ, ਰਮਨਦੀਪ ਕੌਰ ਤੇ ਹੋਰ ਐਸੋਸੀਏਟ ਅਧਿਆਪਕ ਹਾਜ਼ਰ ਸਨ |