ਈ-ਰਿਕਸ਼ਾ ਯੂਨੀਅਨ ਪ੍ਰਧਾਨ ’ਤੇ ਹਮਲਾ, ਸਵਾਰੀ ਬਣ ਕੇ ਬੈਠੇ ਨੌਜਵਾਨ ਨੇ ਰਸਤੇ ’ਚ ਕਰਵਾਈ ਕੁੱਟਮਾਰ
ਫਗਵਾੜਾ, 16 ਸਤੰਬਰ (ਹਰਜੋਤ ਸਿੰਘ ਚਾਨਾ)- ਈ ਰਿਕਸ਼ਾ ਚਲਾ ਰਹੇ ਇੱਕ ਵਿਅਕਤੀ ਨੂੰ ਯੂਨੀਅਨ ਦੇ ਪ੍ਰਧਾਨ ਵਲੋਂ ਰੋਕੇ ਜਾਣ ਦੇ ਵਿਰੋਧ ‘ਚ ਉਸ ਤੇ ਉਸਦੇ ਸਾਥੀਆਂ ਵਲੋਂ ਪ੍ਰਧਾਨ ਦੀ ਪਲਾਹੀ ਰੋਡ ‘ਤੇ ਲਿਜਾ ਕੇ ਕੁੱਟਮਾਰ ਕੀਤੀ ਤੇ ਉਸਨੂੰ ਜ਼ਖਮੀ ਕਰ ਦਿੱਤਾ ਜਿਸ ਸਬੰਧ ‘ਚ ਪੁਲਿਸ ਨੇ ਚਾਰ ਵਿਅਕਤੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਰਾਜੂ ਪੁੱਤਰ ਮਹਿੰਦਰਪਾਲ ਵਾਸੀ ਗਲੀ ਨੰਬਰ 3 ਮੁਹੱਲਾ ਧਰਮਕੋਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਈ- ਰਿਕਸ਼ਾ ਯੂਨੀਅਨ ਦਾ ਪ੍ਰਧਾਨ ਹੈ ਤੇ ਉਨ੍ਹਾਂ ਦੇ ਮੈਂਬਰਾਂ ਵਲੋਂ ਡਿਊਟੀ ਲਗਾਈ ਸੀ ਕਿ ਈ ਰਿਕਸ਼ਾ ਯੂਨੀਅਨ ‘ਚ ਕੋਈ ਨਸ਼ੇ ਵਾਲਾ ਵਿਅਕਤੀ ਨਾ ਹੋਵੇ ਇਸ ਦੌਰਾਨ ਤੋਰੀ ਨਾਮੀ ਨੌਜਵਾਨ ਨੂੰ ਉਸਨੇ ਈ ਰਿਕਸ਼ਾ ਯੂਨੀਅਨ ‘ਚ ਲਗਾਉਣ ਤੋਂ ਰੋਕਿਆ ਤੇ ਉਹ ਬਹਿਸਬਾਜੀ ਕਰਨ ਲੱਗ ਪਿਆ ਤੇ ਕੁੱਝ ਸਮੇਂ ਬਾਅਦ ਮੁਆਫ਼ੀ ਵੀ ਮੰਗ ਲਈ | 13 ਸਤੰਬਰ ਨੂੰ ਉਹ ਵਿਸ਼ਾਲ ਮੈਗਾਮਾਰਟ ਦੇ ਸਾਹਮਣੇ ਈ ਰਿਕਸ਼ਾ ਲੱਗਾ ਕੇ ਖੜ੍ਹਾ ਸੀ ਤੇ ਇੱਕ ਨੌਜਵਾਨ ਆਇਆ ਜਿਸ ਨੇ ਕਿਹਾ ਕਿ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਪਰ ਜਾਣਾ ਹੈ ਤੇ ਜਦੋਂ ਉਹ ਉੱਥੇ ਪੁੱਜੇ ਤਾਂ ਨੌਜਵਾਨਾਂ ਨੇ ਉਸਨੂੰ ਰਿਕਸ਼ਾ ਤੋਂ ਉਤਾਰ ਲਿਆ ਤੇ ਉਸਦੀ ਕੁੱਟਮਾਰ ਕੀਤੀ ਤੇ ਉਸਨੂੰ ਜ਼ਖਮੀ ਕਰ ਦਿੱਤਾ | ਜਿਸ ਸੰਬੰਧ ‘ਚ ਪੁਲਿਸ ਨੇ ਤੋਰੀ ਵਾਸੀ ਮੇਹਲੀ ਗੇਟ ਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਵਿਖੇ ਸੰਗਰਾਂਦ ਸੰਬੰਧੀ ਸਮਾਗਮ ਅੱਜ ਫਗਵਾੜਾ, 16 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਸੂ ਮਹੀਨੇ ਦੀ ਸੰਗਰਾਂਦ ਸੰਬੰਧੀ ਨਾਮ ਸਿਮਰਨ ਗੁਰਮਤਿ ਸਮਾਗਮ 17 ਸਤੰਬਰ ਦਿਨ ਵੀਰਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 9:30 ਵਜੇ ਤੱਕ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਇਕਬਾਲ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਪੰਥ ਪ੍ਰਸਿੱਧ ਕੀਰਤਨੀਏ ਤਰਨਵੀਰ ਸਿੰਘ ਰੱਬੀ , ਭਾਈ ਜੈਦੀਪ ਸਿੰਘ ਕਥਾਵਾਚਕ ਫਗਵਾੜਾ, ਭਾਈ ਗੁਰਮੀਤ ਸਿੰਘ, ਭਾਈ ਜਗਮੀਤ ਸਿੰਘ ਹਜ਼ੂਰੀ ਰਾਗੀ ਅਤੇ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀ ਸੰਗਤਾਂ ਨੂੰ ਗੁਰਬਾਣੀ ਕਥਾ ਕੀਰਤਨ ਰਾਹੀ ਗੁਰੂ ਚਰਨਾਂ ਨਾਲ ਜੋੜਨਗੇ|