ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਸਰਕਾਰ ਨੂੰ ਘੇਰਿਆ ਜਾਵੇਗਾ-ਈ.ਟੀ.ਟੀ. ਯੂਨੀਅਨ
ਸੁਲਤਾਨਪੁਰ ਲੋਧੀ, 16 ਸਤੰਬਰ (ਪ. ਪ.
ਸੁਲਤਾਨਪੁਰ ਲੋਧੀ, 16 ਸਤੰਬਰ (ਪ.ਪ. ਰਾਹੀਂ)-ਈ.ਟੀ.ਟੀ. ਅਧਿਆਪਕ ਯੂਨੀਅਨ ਕਪੂਰਥਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ’ਚ ਹੋਈ, ਜਿਸ ਵਿਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਚੱਲ ਰਹੇ ਸੰਘਰਸ਼ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਥਿੰਦ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਸਕੀਮ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸਿਵਲ ਰਿਟ ਪਟੀਸ਼ਨ-14074-2026 ਅਧੀਨ ਚੱਲ ਰਹੇ ਕੇਸ ਜੋ ਕਿ ਈ.ਟੀ.ਟੀ. ਅਧਿਆਪਕ ਯੂਨੀਅਨ ਵੱਲੋਂ ਮੁੱਖ ਪਟੀਸ਼ਨਰ ਅਨੂਪ ਸ਼ਰਮਾ ਪਟਿਆਲਾ, ਜਸਪਾਲ ਸਿੰਘ ਕਪੂਰਥਲਾ ਤੇ ਸਾਥੀਆਂ ਵੱਲੋਂ ਲੜਿਆ ਜਾ ਰਿਹਾ ਹੈ ਦੀ ਸੁਣਵਾਈ ਹੋਈ, ਜਿਸ ਵਿਚ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਦੀਆਂ ਹਦਾਇਤਾਂ ਤਹਿਤ ਪੇਸ਼ ਕੀਤੇ ਗਏ ਹਲਫ਼ਨਾਮੇ ਜਿਸ ਵਿਚ ਪੰਜਾਬ ਸਰਕਾਰ ਆਪਣੇ ਵਲੋਂ ਜਾਰੀ ਕੀਤੇ 18-11-2022 ਦੇ ਨੋਟੀਫ਼ਿਕੇਸ਼ਨ ਤੋਂ ਯੂ-ਟਰਨ ਲੈਂਦੀ ਨਜ਼ਰ ਆਈ | ਇਸ ਐਫੀਡੇਵਿਟ ਵਿਚ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਥਾਂ ਐਨ ਪੀ ਐਸ ਨੂੰ ਹੀ ਬਦਲਵੇਂ ਰੂਪ ਵਿਚ ਲਾਗੂ ਕਰਨ ਦੀ ਗੱਲ ਕਰਦੀ ਨਜ਼ਰ ਆਈ ਤੇ ਉਸ ਲਈ ਵੀ ਚਾਰ ਮਹੀਨੇ ਦਾ ਸਮਾਂ ਮੰਗ ਲਿਆ ਜਿਸ ਤੋਂ ਸਪਸ਼ਟ ਦਿਸਦਾ ਹੈ ਕਿ ਸਰਕਾਰ ਵੋਟਾਂ ਤੱਕ ਦਾ ਸਮਾਂ ਲੰਘਾਉਣਾ ਚਾਹੁੰਦੀ ਹੈ | ਮਾਨਯੋਗ ਹਾਈਕੋਰਟ ਵਿਚ ਸੁਣਵਾਈ ਦੌਰਾਨ ਜੱਜ ਨੇ ਮੁੱਖ ਸਕੱਤਰ ਨੂੰ 23 ਸਤੰਬਰ ਨੂੰ ਖ਼ੁਦ ਅਦਾਲਤ ਵਿਚ ਪੇਸ਼ ਹੋ ਕੇ ਆਪਣਾ ਪੱਖ ਸਪਸ਼ਟ ਕਰਨ ਲਈ ਕਿਹਾ ਹੈ ਜਿਸ ਤੋਂ ਸਪਸ਼ਟ ਹੈ ਕਿ ਅਦਾਲਤ ਨੇ ਸਰਕਾਰ ਦੇ ਇਸ ਹਲਫ਼ਨਾਮੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ | ਉਨ੍ਹਾਂ ਨੇ ਕਿਹਾ ਕਿ ਸਰਕਾਰ 23 ਸਤੰਬਰ ਨੂੰ ਕੋਰਟ ਦੇ ਵਿਚ 18-11-2022 ਨੂੰ ਜਾਰੀ ਕੀਤੇ ਆਪਣੇ ਨੋਟੀਫ਼ਿਕੇਸ਼ਨ ਨੂੰ ਲਾਗੂ ਕਰਨ ਦਾ ਐਫੀਡੇਵਿਟ ਦੇਵੇ | ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿਚ ਜਿੱਥੇ ਸਰਕਾਰ ਨੂੰ ਅਦਾਲਤ ਦੇ ਵਿਚ ਘੇਰਿਆ ਜਾਵੇਗਾ ਉੱਥੇ ਹੀ ਸਰਕਾਰ ਨੂੰ ਸੜਕਾਂ ਤੇ ਵੀ ਘੇਰਿਆ ਜਾਵੇਗਾ | ਮੀਟਿੰਗ ਦੌਰਾਨ ਜਨਰਲ ਸਕੱਤਰ ਕੁਲਦੀਪ ਸਿੰਘ, ਵਿੱਤ ਸਕੱਤਰ ਸਰਬਜੀਤ ਸਿੰਘ ਡੱਲਾ, ਕਮਲਜੀਤ ਸਿੰਘ, ਜਸਵਿੰਦਰ ਕੌਰ, ਚਰਨਜੀਤ ਕੌਰ, ਬਲਜੀਤ ਕੌਰ,ਬਰਿੰਦਰ ਸਿੰਘ ਮਾਨ, ਕੰਵਲਜੀਤ ਸਿੰਘ ਕੌੜਾ, ਪ੍ਰਮੋਦ ਕੁਮਾਰ ਆਦਿ ਸਾਥੀ ਹਾਜ਼ਰ ਸਨ |