ਲੰਮਾ ਸਮਾਂ ਬੀਤਣ ਦੇ ਬਾਵਜੂਦ ਪਰਲ ਕੰਪਨੀ ਪੀੜਤਾਂ ਨੂੰ ਨਹੀਂ ਮਿਲਿਆ ਇਨਸਾਫ਼-ਬਿੱਟੂ ਖੱਖ
ਨਡਾਲਾ, 17 ਸਤੰਬਰ (ਰਘਬਿੰਦਰ ਸਿੰਘ)-ਹੈਲਪਲਾਈਨ ਐਂਟੀ ਕਰੱਪਸ਼ਨ ਦੇ ਸਾਬਕਾ ਪੰਜਾਬ ਪੈੱ੍ਰਸ ਸਕੱਤਰ ਬਲਵਿੰਦਰ ਸਿੰਘ ਬਿੱਟੂ ਖੱਖ ਨੇ ਪਰਲ ਕੰਪਨੀ ਦੇ ਪੀੜਤ ਨਿਵੇਸ਼ਕਾਂ ਨੂੰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਆਪਣੀ ਰਕਮ ਨਾ ਮਿਲਣ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਪੀੜਤ ਲੋਕ ਅੱਜ ਵੀ ਇਨਸਾਫ਼ ਦੀ ਉਡੀਕ ਵਿਚ ਹਨ | ਬਿੱਟੂ ਖੱਖ ਨੇ ਕਿਹਾ ਕਿ ਪਰਲ ਕੰਪਨੀ ਵਿਚ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਇਸ ਉਮੀਦ ਨਾਲ ਜਮਾਂ ਕਰਵਾਈ ਸੀ ਕਿ ਸਮਾਂ ਪੂਰਾ ਹੋਣ ‘ਤੇ ਉਨ੍ਹਾਂ ਨੂੰ ਆਪਣੀ ਰਕਮ ਵਾਪਸ ਮਿਲੇਗੀ | ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਬਹੁਤ ਸਾਰੇ ਪੀੜਤ ਆਪਣੀ ਜਮਾਂ ਰਕਮ ਵਾਪਸ ਲੈਣ ਲਈ ਦਰ-ਦਰ ਭਟਕ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਪੈਸੇ ਦੀ ਵਾਪਸੀ ਦਾ ਨਹੀਂ, ਸਗੋਂ ਉਨ੍ਹਾਂ ਪਰਿਵਾਰਾਂ ਦੀ ਮਿਹਨਤ ਦੀ ਕਮਾਈ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ, ਵਿਆਹ ਅਤੇ ਭਵਿੱਖ ਲਈ ਪੈਸਾ ਜਮਾਂ ਕਰਵਾਇਆ ਸੀ | ਲੰਬੇ ਸਮੇਂ ਤੋਂ ਰਕਮ ਫਸੀ ਹੋਣ ਕਾਰਨ ਪੀੜਤ ਪਰਿਵਾਰਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਿੱਟੂ ਖੱਖ ਨੇ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਰਲ ਕੰਪਨੀ ਦੇ ਪੀੜਤ ਨਿਵੇਸ਼ਕਾਂ ਦੀਆਂ ਸ਼ਿਕਾਇਤਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਅਤੇ ਜਿਨ੍ਹਾਂ ਪੀੜਤਾਂ ਦੀ ਰਕਮ ਵਾਪਸੀ ਲਈ ਕਾਨੂੰਨੀ ਤੌਰ ’ਤੇ ਯੋਗਤਾ ਬਣਦੀ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਰਕਮ ਵਾਪਸ ਦਿਵਾਉਣ ਲਈ ਠੋਸ ਕਦਮ ਚੁੱਕੇ ਜਾਣ |