ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸ੍ਰੀ ਸਤਨਰਾਇਣ ਮੰਦਰ ਨੇਡ਼ਲਾ ਕੂਡ਼ੇ ਦਾ ਡੰਪ ਤੁਰੰਤ ਹਟਾਇਆ ਜਾਵੇ-ਬਾਵਾ, ਭੋਲਾ, ਆਨੰਦ
ਕਪੂਰਥਲਾ, 27 ਅਕਤੂਬਰ (ਵਿ. ਪ੍ਰ.)
ਕਪੂਰਥਲਾ, 27 ਅਕਤੂਬਰ (ਵਿ.ਪ੍ਰ.)-ਬੱਸ ਸਟੈਂਡ ਰੋਡ ’ਤੇ ਸ੍ਰੀ ਸਤਨਰਾਇਣ ਮੰਦਰ, ਗੁਰਦੁਆਰਾ ਸਾਹਿਬ ਕੋਤਵਾਲੀ, ਸ੍ਰੀ ਹਨੂੰਮਾਨ ਮੰਦਿਰ ਤੇ ਸ਼੍ਰੀ ਭੈਰੋ ਮੰਦਰ ਦੇ ਕੋਲੋਂ ਕੂਡ਼ੇ ਦਾ ਪੱਕਾ ਡੰਪ ਹਟਾਉਣ ਦੀ ਮੰਗ ਨੂੰ ਲੈ ਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਵਾ, ਮੀਤ ਪ੍ਰਧਾਨ ਚੰਦਰ ਮੋਹਨ ਭੋਲਾ, ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਦੀ ਅਗਵਾਈ ’ਚ ਇਕ ਵਫ਼ਦ ਨੇ ਆਮ ਆਦਮੀ ਪਾਰਟੀ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ (ਰੰਗਾ) ਨੂੰ ਮਿਲਿਆ। ਵਫ਼ਦ ਨੇ ਹਲਕਾ ਇੰਚਾਰਜ ਨੂੰ ਇਕ ਮੰਗ ਪੱਤਰ ਦਿੱਤਾ, ਜਿਸ ਵਿਚ ਉਨ੍ਹਾਂ ਇਨ੍ਹਾਂ ਧਾਰਮਿਕ ਸਥਾਨਾਂ ਦੇ ਨੇਡ਼ੇ ਕੂਡ਼ੇ ਦਾ ਪੱਕਾ ਡੰਪ ਦੀਵਾਲੀ ਤੋਂ ਪਹਿਲਾਂ ਪਹਿਲਾਂ ਹਟਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਡੰਪ ਕਾਰਨ ਇਨ੍ਹਾਂ ਧਾਰਮਿਕ ਸਥਾਨਾਂ ਵਿਚ ਜਾਣ ਵਾਲੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਿੱਥੇ ਠੇਸ ਲੱਗਦੀ ਹੈ, ਉੱਥੇ ਕੂਡ਼ੇ ਦੇ ਢੇਰਾਂ ਕਾਰਨ ਰਾਹਗੀਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਵਿੰਦਰਪਾਲ ਹੰਸਪਾਲ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਅਗਲੇ 10 ਦਿਨਾਂ ਵਿਚ ਉਨ੍ਹਾਂ ਦੀ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ। ਬਾਅਦ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਆਗੂਆਂ ਨੇ ਨਗਰ ਨਿਗਮ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੀਵਾਲੀ ਤੋਂ ਪਹਿਲਾਂ ਡੰਪ ਨਾ ਹਟਾਇਆ ਗਿਆ ਤੇ ਉਹ ਸ਼ਹਿਰ ਦੀਆਂ ਧਾਰਮਿਕ, ਸਮਾਜਿਕ, ਜਥੇਬੰਦੀਆਂ, ਮੰਦਰ ਕਮੇਟੀਆਂ ਤੇ ਰਾਜਨੀਤਿਕ ਸੰਗਠਨਾਂ ਨੂੰ ਨਾਲ ਲੈ ਕੇ ਅਣਮਿਥੇ ਸਮੇਂ ਲਈ ਧਰਨਾ ਦੇਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਸੰਜੇ ਸ਼ਰਮਾ, ਮੋਹਿਤ ਜੱਸਲ, ਸੰਦੀਪ ਅਗਰਵਾਲ, ਮਨਮੋਹਨ ਜੋਸ਼ੀ, ਗੁਲਸ਼ਨ ਮਹਿਰਾ ਆਦਿ ਆਗੂ ਹਾਜ਼ਰ ਸਨ।