ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖੇਡ ਵਿਭਾਗ ਵਲੋਂ ਕਰਵਾਏ ਜਾ ਰਹੇ ਨਸ਼ਾ ਪ੍ਰਭਾਵਿਤ ਪਿੰਡਾਂ ’ਚ ਖੇਡ ਮੁਕਾਬਲੇ
ਤੋਪਖ਼ਾਨਾ ਸਕੂਲ ’ਚ ਵਾਲੀਬਾਲ ਤੇ ਢੱਕ ਪੰਡੋਰੀ ’ਚ ਕਰਵਾਏ ਕਬੱਡੀ ਦੇ ਮੁਕਾਬਲੇ
ਕਪੂਰਥਲਾ, 28 ਅਕਤੂਬਰ (ਵਿ. ਪ੍ਰ.)
ਕਪੂਰਥਲਾ, 28 ਅਕਤੂਬਰ (ਵਿ.ਪ੍ਰ.)-ਖੇਡ ਵਿਭਾਗ ਕਪੂਰਥਲਾ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹੇ ਦੇ ਨਸ਼ਾ ਪ੍ਰਭਾਵਿਤ ਪਿੰਡਾਂ ਤੇ ਕਪੂਰਥਲਾ ਦੇ ਮੁਹੱਲਾ ਸ਼ਹਿਰੀਆਂ ਦੇ ਸਰਕਾਰੀ ਹਾਈ ਸਕੂਲ ਤੋਪਖ਼ਾਨਾ ਵਿਚ ਵਾਲੀਬਾਲ ਦਾ ਤੇ ਫਗਵਾਡ਼ਾ ਸਬ ਡਵੀਜ਼ਨ ਦੇ ਪਿੰਡ ਢੱਕ ਪੰਡੋਰੀ ਵਿਚ ਕਬੱਡੀ ਦਾ ਮੈਚ ਕਰਵਾਇਆ ਗਿਆ। ਇਨ੍ਹਾਂ ਮੈਚਾਂ ਵਿਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਖੇਡ ਮੁਕਾਬਲੇ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਵੱਲ ਲਿਜਾਣਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਪ੍ਰਭਾਵਿਤ ਪਿੰਡਾਂ ਵਿਚ ਅਜਿਹੇ ਮੁਕਾਬਲੇ ਕਰਵਾਉਣੇ ਨੌਜਵਾਨਾਂ ਵਿਚ ਸਿਹਤਮੰਦ ਤੇ ਸਰਗਰਮ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਕੇ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਲਈ ਸਰਕਾਰ ਦੀ ਰਣਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਦੇ ਕੋਚ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਦੀ ਮਹੱਤਤਾ ਬਾਰੇ ਜਾਗਰੂਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਜਾਗਰੂਕਤਾ ਵਿਧੀਆਂ ਰਾਹੀਂ ਕੀਤੇ ਜਾ ਰਹੇ ਇਹ ਉਪਰਾਲੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਵਿਚ ਅਹਿਮ ਯੋਗਦਾਨ ਪਾਉਣਗੇ।