ਭੁਲੱਥ, 29 ਅਗਸਤ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਦੇ ਕੁਝ ਵਾਰਡਾਂ ਵਿਚ ਨਗਰ ਪੰਚਾਇਤ ਭੁਲੱਥ ਵਲੋਂ ਸਪਲਾਈ ਵਿਭਾਗ ਦਾ ਪਾਣੀ ਲੀਕੇਜ ਹੋਣ ਕਰਕੇ ਤੇ ਬਰਸਾਤ ਦੇ ਮੌਸਮ ਦੇ ਮੱਦੇਨਜਰ ਦੂਸ਼ਿਤ ਹੋ ਗਿਆ ਹੈ, ਜਿਸ ਦੇ ਪੀਣ ਨਾਲ ਲੋਕ ਬੀਮਾਰ ਹੋ ਰਹੇ ਹਨ। ਗੱਲਬਾਤ ਕਰਦਿਆਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਭੁਲੱਥ ਗਰਬੀ ਵਾਰਡ ਨੰਬਰ ਚਾਰ, ਵਾਰਡ ਨੰਬਰ 13 ਤੇ ਵਾਰਡ ਨੰਬਰ ਦੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿਛਲੇ ਪਾਸੇ ਪਾਣੀ ਦੂਸ਼ਿਤ ਹੋਣ ਕਰਕੇ ਉਥੇ ਰਹਿ ਰਹੇ ਲੋਕਾਂ ਨੂੰ ਪੇਟ ਸਬੰਧੀ ਇਨਫੈਕਸ਼ਨ ਪਾਈ ਗਈ ਹੈ।
ਸਿਹਤ ਵਿਭਾਗ ਦੀ ਟੀਮ ਵਲੋਂ ਮਰੀਜ਼ਾਂ ਨਾਲ ਗੱਲਬਾਤ ਕਰਨ ਉਤੇ ਪਤਾ ਚੱਲਿਆ ਕਿ ਪੇਟ ਦੀ ਇਨਫੈਕਸ਼ਨ ਬਰਸਾਤੀ ਪਾਣੀ ਵਾਟਰ ਸਪਲਾਈ ਦੇ ਪਾਣੀ ਨਾਲ ਮਿਕਸ ਹੋਣ ਕਰਕੇ ਇਹ ਇਨਫੈਕਸ਼ਨ ਪੈਦਾ ਹੋਈ ਹੈ ਤੇ ਪੇਟ ਦੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਿਵਲ ਹਸਪਤਾਲ ਭੁਲੱਥ ਵਿਖੇ ਦਾਖਲ ਕਰਵਾਇਆ ਗਿਆ ਹੈ, ਜੋ ਕਿ ਇਸ ਸਮੇਂ ਜ਼ੇਰੇ ਇਲਾਜ ਹਨ। ਪਹਿਲਾਂ ਵੀ ਇਸ ਏਰੀਏ ਵਿਚ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ ਸਨ। ਐਸ. ਐਮ. ਓ. ਭੁਲੱਥ ਅਨੁਸਾਰ ਦੂਸ਼ਿਤ ਪਾਣੀ ਨਾਲ ਵੱਧ ਰਹੀਆਂ ਬੀਮਾਰੀਆਂ ਜਿਵੇਂ ਹੈਪੇਟਾਈਟਸ ਏ ਤੇ ਈ ਦੇ ਮਰੀਜ਼ਾਂ ਨੂੰ ਸਿਹਤ ਵਿਭਾਗ ਭੁਲੱਥ ਦੀ ਟੀਮ ਵਲੋਂ ਸਰਵੇ ਕਰਕੇ ਪੀੜਤ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਤੇ ਵਿਭਾਗ ਨੂੰ ਦੂਸ਼ਿਤ ਪਾਣੀ ਬਾਰੇ ਇਕ ਲੈਟਰ ਰਾਹੀਂ ਸੂਚਿਤ ਵੀ ਕੀਤਾ ਗਿਆ ਹੈ।