ਜਗਰਾਉਂ (ਲੁਧਿਆਣਾ), 29 ਅਗਸਤ (ਕੁਲਦੀਪ ਸਿੰਘ ਲੋਹਟ)-ਜਗਰਾਉਂ ਨੇੜੇ ਗੁਰਦੁਆਰਾ ਨਾਨਕਸਰ ਮੱਥਾ ਟੇਕਣ ਆਏ ਨੌਜਵਾਨ ਨੂੰ ਉਸਦੇ ਹੀ ਦੋਸਤਾਂ ਨੇ ਜ਼ਹਿਰ ਦੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਯਾਦਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੁੱਦਕੀ ਦਾ ਰਹਿਣ ਵਾਲਾ ਸੀ ਤੇ ਲੰਘੀ ਸ਼ਾਮ ਨੂੰ ਟਰੈਕਟਰ-ਟਰਾਲੀ 'ਤੇ ਬੈਠ ਕੇ ਗੁਰਦੁਆਰਾ ਨਾਨਕਸਰ ਮੱਥਾ ਟੇਕਣ ਆ ਰਿਹਾ ਸੀ ਤਾਂ ਰਸਤੇ ਵਿਚ ਅਜੀਤਵਾਲ ਨੇੜੇ ਪਹਿਲਾਂ ਤੋਂ ਹੀ ਉਡੀਕ ਰਹੇ ਉਸਦੇ ਦੋਸਤ ਸੁਖਪ੍ਰੀਤ ਉਸਨੂੰ ਆਪਣੀ ਸਾਈਕਲ 'ਤੇ ਬਿਠਾ ਕੇ ਲੈ ਗਿਆ।
ਦੋਸ਼ੀ ਨੇ ਪਿੰਡ ਚੱਕਰ ਵਿਚ ਇਕ ਸੁੰਨਸਾਨ ਜਗ੍ਹਾ 'ਤੇ ਨੌਜਵਾਨ ਨੂੰ ਜ਼ਹਿਰੀਲਾ ਪਦਾਰਥ ਖੁਆ ਦਿੱਤਾ, ਜਿਸ ਨਾਲ ਨੌਜਵਾਨ ਦੀ ਹਾਲਤ ਵਿਗੜ ਗਈ ਤਾਂ ਦੋਸ਼ੀ ਉਸਨੂੰ ਪਿੰਡ ਦੇ ਇਕ ਨਿੱਜੀ ਡਾਕਟਰ ਕੋਲ ਲੈ ਗਿਆ। ਮ੍ਰਿਤਕ ਨੌਜਵਾਨ ਦੀ ਵਿਗੜੀ ਹਾਲਤ ਨੂੰ ਦੇਖਦਿਆਂ ਡਾਕਟਰ ਨੇ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਮਰੀਜ਼ ਨੂੰ ਰੈਫਰ ਕਰ ਦਿੱਤਾ।
ਨੌਜਵਾਨ ਦੀ ਰਾਤ ਨੂੰ ਕਰੀਬ 1:30 ਵਜੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ।
ਹਠੂਰ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿਚ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਘਟਨਾ ਵਿਚ ਸ਼ਾਮਿਲ ਦੋਸ਼ੀ ਮੁਲਜ਼ਮਾਂ 'ਚ ਪਿੰਡ ਡਗਰੂ ਦੇ ਸੁਖਪ੍ਰੀਤ ਸਿੰਘ, ਗੁਰਸਿਮਰਨ ਸਿੰਘ ਅਤੇ ਬੱਬਨ ਸਿੰਘ ਦੋਵੇਂ ਵਾਸੀ ਚਕਰ ਸ਼ਾਮਿਲ ਹਨ। ਇਸ ਘਟਨਾ 'ਚ ਸ਼ਾਮਿਲ ਇਕ ਮੁਲਜ਼ਮ ਦੀ ਅਜੇ ਪਛਾਣ ਨਹੀਂ ਹੋ ਸਕੀ। ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਇਕ ਟਰੈਕਟਰ-ਟਰਾਲੀ ਵਿਚ ਹੋਰ ਪਿੰਡ ਵਾਸੀਆਂ ਨਾਲ ਗੁਰਦੁਆਰੇ ਜਾ ਰਿਹਾ ਸੀ। ਸੁਖਪ੍ਰੀਤ ਉਸਨੂੰ ਮੋਗਾ ਦੇ ਪਿੰਡ ਅਜੀਤਵਾਲ ਨੇੜੇ ਮਿਲਿਆ ਅਤੇ ਉਸਨੂੰ ਆਪਣੀ ਸਾਈਕਲ 'ਤੇ ਬਿਠਾ ਕੇ ਲੈ ਗਿਆ। ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਰਾਤ 11:30 ਵਜੇ ਸਰਪੰਚ ਸੋਹਣ ਸਿੰਘ ਨੇ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਬੇਹੋਸ਼ੀ ਦੀ ਹਾਲਤ ਵਿਚ ਪਿੰਡ ਦੇ ਡਾਕਟਰ ਕੋਲ ਲਿਆਂਦਾ ਗਿਆ ਹੈ। ਪਰਿਵਾਰ ਨੇ ਉਸਨੂੰ ਨਾਗੀ ਹਸਪਤਾਲ ਮੁੱਦਕੀ ਲਿਜਾਣ ਲਈ ਕਿਹਾ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਹਠੂਰ ਥਾਣਾ ਇੰਚਾਰਜ ਕੁਲਜਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਥਾਣਾ ਹਠੂਰ ਦੇ ਐਸ.ਐਚ. ਓ. ਕੁਲਜਿੰਦਰ ਸਿੰਘ ਅਨੁਸਾਰ ਮੁਲਜ਼ਮ ਸੁਖਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੋ ਦੋਸ਼ੀ ਜਲਦ ਗ੍ਰਿਫਤਾਰ ਕਰ ਲਏ ਜਾਣਗੇ।