ਕਪੂਰਥਲਾ, 1 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਪੈਂਦੇ ਦਰਿਆ ਬਿਆਸ ਦੇ ਸਰੋਤ ਏਰੀਏ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਣ ਨਾਲ ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਭੁਲੱਥ ਸਬ-ਡਵੀਜ਼ਨਾਂ ਨਾਲ ਸਬੰਧਿਤ ਮੰਡ ਖੇਤਰ ਦੇ 115 ਪਿੰਡ ਹੜ੍ਹ ਦੀ ਮਾਰ ਹੇਠ ਆਏ ਹਨ ਤੇ ਹੜ੍ਹ ਕਾਰਨ ਕਿਸਾਨਾਂ ਦੀ 37 ਹਜ਼ਾਰ ਏਕੜ ਤੋਂ ਵੱਧ ਫ਼ਸਲ ਬਰਬਾਦ ਹੋ ਗਈ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ 5650 ਵਿਅਕਤੀ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਣਾਏ ਗਏ 4 ਰਾਹਤ ਕੈਂਪਾਂ ਵਿਚ 110 ਵਿਅਕਤੀਆਂ ਦੀ ਰਿਹਾਇਸ਼, ਖਾਣੇ ਤੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੇ ਪਸ਼ੂਧਨ ਦੀ ਸੁਰੱਖਿਆ ਲਈ ਵੀ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਟੀਕਾਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾ ਰਹੀਆਂ ਹਨ ਤੇ ਵੱਡੀ ਗਿਣਤੀ ਵਿਚ ਪਸ਼ੂਧਨ ਨੂੰ ਦਰਿਆ ਬਿਆਸ ਵਿਚਲੇ ਪਿੰਡਾਂ ਤੋਂ ਵੱਡੇ ਬੇੜਿਆਂ ਰਾਹੀਂ ਬਾਹਰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਾ ਹੈ, ਜਿਥੋਂ ਤੱਕ ਦਰਿਆ ਬਿਆਸ ਵਿਚ ਪਾਣੀ ਦੇ ਵਹਾਅ ਦਾ ਸਬੰਧ ਹੈ, ਸਵੇਰੇ 11 ਵਜੇ ਤੱਕ 2 ਲੱਖ 8050 ਕਿਊਸਿਕ ਪਾਣੀ ਦਰਿਆ ਵਿਚ ਰਿਕਾਰਡ ਕੀਤਾ ਗਿਆ ਸੀ ਤੇ ਸਾਢੇ 3 ਵਜੇ ਤੱਕ ਪਾਣੀ ਦਾ ਪੱਧਰ ਵੱਧ ਕੇ 2 ਲੱਖ 12 ਹਜ਼ਾਰ 627 ਕਿਊਸਿਕ ਤੱਕ ਪਹੁੰਚ ਗਿਆ ਹੈ।
ਅੱਜ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਤੇ ਹੋਰ ਅਧਿਕਾਰੀਆਂ ਨਾਲ ਮੰਡ ਬਾਊਪੁਰ ਦੇ ਟਾਪੂਨੁਮਾ ਪਿੰਡਾਂ ਮੰਡ ਇੰਦਰਪੁਰ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਆਉਣ। ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਰਿਹਾਇਸ਼ ਉਤੇ ਖਾਣੇ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਅੱਜ ਹੜ੍ਹ ਪ੍ਰਭਾਵਿਤ ਮੰਡ ਖੇਤਰ ਦੇ ਪਿੰਡਾਂ ਵਿਚ ਐਸ.ਡੀ.ਐਮ. ਸੁਲਤਾਨਪੁਰ ਲੋਧੀ ਅਲਕਾ ਕਾਲੀਆ ਦੀ ਅਗਵਾਈ ਵਿਚ 4 ਵੱਖ-ਵੱਖ ਟੀਮਾਂ ਨੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਨੇ ਮੰਡ ਖੇਤਰ ਵਿਚ ਆਪਣੇ ਘਰਾਂ ਤੇ ਡੇਰਿਆਂ ਵਿਚ ਸ਼ਰਨ ਲਈ ਬੈਠੇ ਲੋਕਾਂ ਨੂੰ 250 ਦੇ ਕਰੀਬ ਰਾਸ਼ਨ ਕਿੱਟਾਂ ਤਕਸੀਮ ਕੀਤੀਆਂ।