ਨਵੀਂ ਦਿੱਲੀ, 23 ਸਤੰਬਰ -ਭਾਰਤੀ ਰੇਲਵੇ ਨੇ ਅੱਜ ਪੰਜਾਬ ਨੂੰ ਦੋ ਵੱਡੇ ਤੋਹਫ਼ੇ ਦਿੱਤੇ ਹਨ। ਸਰਕਾਰ ਨੇ ਰਾਜਪੁਰਾ ਤੋਂ ਮੋਹਾਲੀ ਤੱਕ ਨਵੀਂ ਰੇਲ ਲਾਈਨ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਪੂਰੇ ਮਾਲਵਾ ਖੇਤਰ ਅਤੇ ਚੰਡੀਗੜ੍ਹ ਵਿਚਕਾਰ ਰੇਲ ਸੰਪਰਕ ਹੋਰ ਬਿਹਤਰ ਹੋਵੇਗਾ। ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਦਿੱਲੀ ਤੱਕ ਇਕ ਨਵੀਂ ਵੰਦੇ ਭਾਰਤ ਰੇਲਗੱਡੀ ਦਾ ਐਲਾਨ ਕੀਤਾ ਗਿਆ ਹੈ।
ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਪ੍ਰੋਜੈਕਟ ਹੈ। ਰਾਜਪੁਰਾ-ਮੋਹਾਲੀ ਨਵੀਂ ਲਾਈਨ 18 ਕਿਲੋਮੀਟਰ ਲੰਬੀ ਹੈ ਅਤੇ 443 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਇਹ ਪੂਰਾ ਖੇਤਰ ਰਾਜਧਾਨੀ ਤੋਂ ਵੱਖ ਹੋ ਗਿਆ ਸੀ, ਇਸ ਲਈ 1960 ਦੇ ਦਹਾਕੇ ਤੋਂ ਇਸ ਨੂੰ ਸਿੱਧੇ ਜੋੜਨ ਦੀ ਮੰਗ ਕੀਤੀ ਜਾ ਰਹੀ ਸੀ।
ਇਸ ਮੌਕੇ ਕੇਂਦਰੀ ਰਵਨੀਤ ਸਿੰਘ ਬਿੱਟੂ ਨੇ ਰੇਲ ਮੰਤਰੀ ਦਾ ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਨੂੰ ਮਨਜ਼ੂਰੀ ਦੇਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਪ੍ਰੋਜੈਕਟ 50 ਸਾਲਾਂ ਤੋਂ ਰੁਕਿਆ ਪਿਆ ਸੀ। ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਚੰਡੀਗੜ੍ਹ ਨੂੰ ਮਾਲਵਾ ਖੇਤਰ- ਰਾਜਪੁਰਾ, ਪਟਿਆਲਾ, ਸੰਗਰੂਰ ਸਮੇਤ ਹੋਰਾਂ ਨਾਲ ਜੋੜੇਗੀ।