ਪਟਨਾ, 24 ਸਤੰਬਰ- ਕਾਂਗਰਸ ਵਰਕਿੰਗ ਕਮੇਟੀ ਪਹਿਲੀ ਵਾਰ ਬਿਹਾਰ ਵਿਚ ਮੀਟਿੰਗ ਕਰ ਰਹੀ ਹੈ। ਇਹ ਇਕ ਵਿਸਤ੍ਰਿਤ ਮੀਟਿੰਗ ਹੈ, ਜਿਸ ਵਿਚ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ, ਉਪ ਮੁੱਖ ਮੰਤਰੀਆਂ ਅਤੇ ਸੂਬਾ ਪ੍ਰਧਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਕਾਂਗਰਸ ਪ੍ਰਧਾਨ ਮੀਟਿੰਗ ਲਈ ਕੱਲ੍ਹ ਪਹੁੰਚ ਗਏ ਸਨ।
ਅੱਜ ਕਾਂਗਰਸ ਲਈ ਇਕ ਖਾਸ ਦਿਨ ਹੈ, ਕਿਉਂਕਿ ਇਹ ਭਾਰਤ ਦੀ ਆਜ਼ਾਦੀ ਤੋਂ ਬਾਅਦ ਬਿਹਾਰ ਵਿਚ ਕਾਂਗਰਸ ਵਰਕਿੰਗ ਕਮੇਟੀ ਦੀ ਪਹਿਲੀ ਮੀਟਿੰਗ ਹੈ। ਇਹ ਮੀਟਿੰਗ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗੀ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਦਿੱਲੀ ਤੋਂ ਪਟਨਾ ਲਈ ਰਵਾਨਾ ਹੋ ਗਏ ਹਨ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਰਕਰ ਗਾਂਧੀ ਪਰਿਵਾਰ ਦਾ ਸਵਾਗਤ ਕਰਨ ਲਈ ਪਟਨਾ ਹਵਾਈ ਅੱਡੇ ’ਤੇ ਪਹਿਲਾਂ ਹੀ ਮੌਜੂਦ ਹਨ।
ਮੀਟਿੰਗ ਸੰਬੰਧੀ ਕਾਂਗਰਸ ਦੇ ਬਿਹਾਰ ਇੰਚਾਰਜ ਕ੍ਰਿਸ਼ਨਾ ਅੱਲਾਵਾਰੂ ਨੇ ਕਿਹਾ ਕਿ ਕਾਂਗਰਸ ਬਿਹਾਰ ਵਿਚ ਦੂਜੀ ਆਜ਼ਾਦੀ ਦੀ ਲੜਾਈ ਲੜ ਰਹੀ ਹੈ। ਉਨ੍ਹਾਂ ਭਾਜਪਾ ’ਤੇ ਕੇਂਦਰ ਵਿਚ ਸੱਤਾ ਦੀ ਦੁਰਵਰਤੋਂ ਕਰਨ ਅਤੇ ਵੋਟ ਚੋਰੀ ਵਰਗੇ ਗਲਤ ਤਰੀਕਿਆਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ। ਇਹ ਮੀਟਿੰਗ ਪਾਰਟੀ ਲਈ ਆਪਣੀ ਚੋਣ ਰਣਨੀਤੀ ਨੂੰ ਮਜ਼ਬੂਤ ਕਰਨ ਅਤੇ ਆਪਣੇ ਵਰਕਰਾਂ ਨੂੰ ਸੰਗਠਿਤ ਕਰਨ ਦਾ ਇਕ ਮਹੱਤਵਪੂਰਨ ਮੌਕਾ ਹੈ।