ਅਜਨਾਲਾ, (ਅੰਮ੍ਰਿਤਸਰ), 21 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਕਾਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅਜਨਾਲਾ ਖੇਤਰ ਵਿਚ ਪੂਰਨ ਸਮਰਥਨ ਮਿਲਿਆ ਹੈ। ਬੰਦ ਦੇ ਸੱਦੇ ਦੇ ਚਲਦਿਆਂ ਅਜਨਾਲਾ ਸ਼ਹਿਰ ਸਮੇਤ ਇਲਾਕੇ ਦੇ ਵੱਖ-ਵੱਖ ਬਾਜ਼ਾਰਾਂ, ਦੁਕਾਨਾਂ ਅਤੇ ਵਿੱਦਿਅਕ ਅਦਾਰਿਆਂ ਦੇ ਦਰਵਾਜ਼ੇ ਬੰਦ ਹਨ। ਸਵੇਰ ਤੋਂ ਹੀ ਸ਼ਹਿਰ ਦੀਆਂ ਮੁੱਖ ਮਾਰਕੀਟਾਂ ਵਿਚ ਆਮ ਦਿਨਾਂ ਦੇ ਮੁਕਾਬਲੇ ਪੂਰੀ ਤਰ੍ਹਾਂ ਸੁੰਨ ਪੱਸਰੀ ਨਜ਼ਰ ਆਈ। ਕਾਰੋਬਾਰੀ ਅਦਾਰਿਆਂ ਦੇ ਬੰਦ ਰਹਿਣ ਕਾਰਨ ਬਾਜ਼ਾਰਾਂ ਵਿਚ ਆਵਾਜਾਈ ਵੀ ਕਾਫ਼ੀ ਘੱਟ ਹੀ ਰਹੀ।
ਕੌਮੀ ਇਨਸਾਫ਼ ਮੋਰਚੇ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤੇ ਜਾਣ ਤੋਂ ਬਾਅਦ ਅਜਨਾਲਾ ਖੇਤਰ ਵਿਚ ਵੱਖ-ਵੱਖ ਵਰਗਾਂ ਵਲੋਂ ਇਸ ਦਾ ਸਮਰਥਨ ਕੀਤਾ ਗਿਆ। ਸੜਕੀ ਆਵਾਜਾਈ ਵੀ ਬਿਲਕੁਲ ਠੱਪ ਹੀ ਨਜ਼ਰ ਆ ਰਹੀ ਹੈ I