ਗਿੱਦੜਬਾਹਾ, 17 ਨਵੰਬਰ (ਸ਼ਿਵਰਾਜ ਸਿੰਘ ਬਰਾੜ) - ਅੱਜ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਸੱਦੇ 'ਤੇ ਗਿੱਦੜਬਾਹਾ ਵਿਖੇ ਸੈਂਕੜਿਆਂ ਦੀ ਤਾਦਾਦ ਵਿਚ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਵੱਖ-ਵੱਖ ਵਿਭਾਗਾਂ ਵਿਚੋਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਮੋਗਾ ਅਤੇ ਫ਼ਰੀਦਕੋਟ ਤੋਂ ਸੈਂਕੜਿਆਂ ਦੀ ਗਿਣਤੀ 'ਚ ਸੇਵਾ-ਮੁਕਤ ਮੁਲਾਜ਼ਮ ਕਪਾਹ ਮੰਡੀ ਵਿਚ ਇਕੱਤਰ ਹੋਣ ਉਪਰੰਤ ਕਾਫ਼ਲਾ ਸ਼ਹਿਰ ਵੱਲ ਸ਼ੁਰੂ ਕੀਤਾ ਗਿਆ | ਵੱਖ-ਵੱਖ ਤਰ੍ਹਾਂ ਦੇ ਮਾਟੋ ਹੱਥਾਂ ਵਿਚ ਲੈ ਕੇ ਉਨ੍ਹਾਂ ਕੇਂਦਰ ਦੀ ਭਾਜਪਾ, ਸੂਬਾ ਸਰਕਾਰ ਮੁਰਦਾਬਾਦ ਤੇ 'ਆਪ' ਦੇ ਉਮੀਦਵਾਰ ਨੂੰ ਗਿੱਦੜਬਾਹਾ ਤੋਂ ਹਰਾਓ ਦੇ ਨਾਅਰੇ ਲਗਾਉਂਦਿਆਂ ਸ਼ਹਿਰ ਵੱਲ ਮਾਰਚ ਸ਼ੁਰੂ ਕੀਤਾ | ਜ਼ਿਕਰਯੋਗ ਹੈ ਗਿੱਦੜਬਾਹਾ ਵਿਖੇ ਜ਼ਿਮਨੀ ਚੋਣ ਹੋ ਰਹੀ ਹੈ | ਚੋਣਾਂ ਦੀ ਤਾਰੀਕ ਦੇ ਐਲਾਨ ਉਪਰੰਤ ਕੋਈ ਅਜਿਹਾ ਦਿਨ ਨਹੀਂ ਸੀ ਜਿਸ ਦਿਨ ਗਿੱਦੜਬਾਹਾ ਵਿਖੇ ਕਿਸੇ ਨਾ ਕਿਸੇ ਜਥੇਬੰਦੀ ਵਲੋਂ ਆਪਣਾ ਰੋਸ ਪ੍ਰਦਰਸ਼ਨ ਨਾ ਕੀਤਾ ਹੋਵੇ | ਅੱਜ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਨੇ ਬੀਤੇ ਦਿਨਾਂ ਦੇ ਸਾਰੇ ਰਿਕਾਰਡਾਂ ਨੂੰ ਮਾਤ ਪਾਉਂਦਿਆਂ ਵੱਡੀ ਗਿਣਤੀ 'ਚ ਮੁਲਾਜ਼ਮ ਹਾਜ਼ਰ ਹੋਏ | ਇਸ ਮੌਕੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਆਪਣੀਆਂ ਹੱਕੀ ਮੰਗਾਂ ਸਰਕਾਰ ਦੇ ਕਈ ਵਾਰ ਧਿਆਨ ਵਿਚ ਲਿਆਉਣ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਜਾ ਰਿਹਾ | ਆਗੂਆਂ ਦਾ ਕਹਿਣਾ ਸੀ ਕਿ ਚੋਣਾਂ ਤੋਂ ਪਹਿਲਾਂ 'ਆਪ' ਵਲੋਂ ਕਿਹਾ ਜਾਂਦਾ ਰਿਹਾ ਸੀ ਕਿ ਸਰਕਾਰ ਬਣਨ 'ਤੇ ਮੁਲਾਜ਼ਮਾਂ ਨੂੰ ਸੜਕਾਂ 'ਤੇ ਧਰਨੇ/ਮੁਜ਼ਾਹਰੇ ਨਹੀਂ ਕਰਨ ਦਿੱਤੇ ਜਾਣਗੇ ਤੇ ਸਰਕਾਰ ਬਣਨ ਉਪਰੰਤ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰ ਲਈਆਂ ਜਾਣਗੀਆਂ | ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਢਾਈ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਉਪਰੰਤ ਅਜੇ ਤੱਕ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਉਹ ਅੱਜ ਹਲਕਾ ਗਿੱਦੜਬਾਹਾ ਵਾਸੀਆਂ ਨੂੰ ਜਗਾਉਣ ਅਤੇ 'ਆਪ' ਦੇ ਝੂਠ ਦਾ ਪਰਦਾਫ਼ਾਸ਼ ਕਰਨ ਲਈ ਆਏ ਹਨ | ਉਨ੍ਹਾਂ ਕੇਂਦਰ ਦੀ ਭਾਜਪਾ ਤੇ ਸੂਬਾ ਸਰਕਾਰ ਦੀਆਂ ਮੁਲਾਜ਼ਮ, ਕਿਸਾਨ, ਮਜਦੂਰ ਨੀਤੀਆਂ ਦਾ ਵਿਰੋਧ ਕੀਤਾ | ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਅਸ਼ੋਕ ਕੁਮਾਰ, ਵੀਰ ਚੰਦ, ਗੁਰਸੇਵਕ ਸਿੰਘ ਸੇਵਾ ਮੁਕਤ ਡੀ.ਐੱਸ.ਪੀ., ਦਰਸ਼ਨ ਸਿੰਘ ਸੰਧੂ ਸੇਵਾ ਮੁਕਤ ਇੰਸਪੈਕਟਰ ਜਸਬੀਰ ਸਿੰਘ ਸੰਧੂ, ਇੰਸਪੈਕਟਰ ਅਮਰੀਕ ਸਿੰਘ, ਬਲਦੇਵ ਸਿੰਘ, ਕਿ੍ਸ਼ਨ ਕੁਮਾਰ, ਕਾਰਜ ਸਿੰਘ ਢਿੱਲੋਂ, ਮਲਕੀਤ ਸਿਘ ਬਰਾੜ, ਬਲਜਿੰਦਰ ਸਿੰਘ, ਸਾਹਿਬ ਸਿੰਘ, ਜਸਕਰਨ ਸਿੰਘ, ਸੰਤਾ ਸਿੰਘ, ਗੁਰਮੀਤ ਸਿੰਘ, ਤਰਸੇਮ ਸ਼ਰਮਾ, ਕਰਮ ਸਿੰਘ ਧਨੌਲਾ, ਸਤੀਸ਼ ਰਾਣਾ, ਕੁਲਵੰਤ ਸਿੰਘ, ਗਗਨਦੀਪ ਸਿੰਘ, ਭੀਮ ਸੈਨ, ਗਮਦੂਰ ਸਿੰਘ, ਕਿ੍ਸ਼ਨ ਲਾਲ, ਮੇਘਰਾਜ ਬੁੱਟਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਆਗੂ ਹਾਜ਼ਰ ਸਨ |
ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਗਿੱਦੜਬਾਹਾ ਵਿਖੇ ਰੋਸ ਪ੍ਰਦਰਸ਼ਨ
ਅਜੀਤ ਡੈਸਕ
18-11-2024