ਅੰਮਿ੍ਤਸਰ, 4 ਜੂਨ (ਸੁਰਿੰਦਰ ਕੋਛੜ)-ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੌਰਾਨ ਏਸ਼ੀਅਨ ਡਿਵੈਲਪਮੈਂਟ ਬੈਂਕ (ਏ. ਡੀ. ਬੀ.) ਨੇ ਪਾਕਿਸਤਾਨ ਨੂੰ 80 ਕਰੋੜ ਡਾਲਰ (ਲਗਭਗ 6,600 ਕਰੋੜ ਰੁਪਏ) ਦੇ ਰਾਹਤ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਸਿਰਫ਼ ਇਕ ਮਹੀਨਾ ਪਹਿਲਾਂ ਹੀ ਪਾਕਿ ਨੂੰ ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ. ਐੱਫ.) ਤੋਂ 1 ਅਰਬ ਡਾਲਰ (ਲਗਭਗ 8,500 ਕਰੋੜ ਰੁਪਏ) ਦੀ ਸਹਾਇਤਾ ਮਿਲੀ ਹੈ, ਜਿਸ ਤੋਂ ਬਾਅਦ ਪਾਕਿ ਨੂੰ ਆਈ. ਐੱਮ. ਐੱਫ. ਤੋਂ ਪ੍ਰਾਪਤ ਕੁੱਲ ਸਹਾਇਤਾ 2.4 ਅਰਬ ਡਾਲਰ ਹੋ ਗਈ ਹੈ | ਇਕ ਰਿਪੋਰਟ ਦੇ ਅਨੁਸਾਰ ਪਾਕਿ 'ਤੇ ਦਸੰਬਰ 2024 ਤੱਕ ਲਗਭਗ 131.16 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਕਰਜ਼ਾ ਸੀ, ਜਿਸ 'ਚ ਹੋਰ ਵਾਧਾ ਹੋ ਚੁੱਕਾ ਹੈ | ਦੱਸਿਆ ਜਾ ਰਿਹਾ ਹੈ ਕਿ ਪਾਕਿ ਇਸ ਸਮੇਂ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਉਸ ਨੇ 1,000 ਅਰਬ ਪਾਕਿਸਤਾਨੀ ਰੁਪਏ ਤੋਂ ਵੱਧ ਦੇ 118 ਤੋਂ ਵੱਧ ਵਿਕਾਸ ਪ੍ਰੋਜੈਕਟਾਂ ਨੂੰ ਰੱਦ ਕਰ ਦਿੱਤਾ ਹੈ | ਸਰਕਾਰ ਹੁਣ ਸਿਰਫ਼ ਜ਼ਰੂਰੀ ਯੋਜਨਾਵਾਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ | ਹਾਲਾਂਕਿ, ਆਰਥਿਕ ਸੰਕਟ ਦੇ ਬਾਵਜੂਦ ਪਾਕਿ ਨੇ ਭਾਰਤ ਦੇ ਡਰ ਕਾਰਨ ਆਪਣੇ ਰੱਖਿਆ ਬਜਟ 'ਚ 18 ਫ਼ੀਸਦੀ ਦਾ ਵਾਧਾ ਕੀਤਾ ਹੈ |
ਪਾਕਿ ਨੇ ਹੁਣ ਏਸ਼ੀਅਨ ਡਿਵੈੱਲਪਮੈਂਟ ਬੈਂਕ ਤੋਂ ਲਿਆ 80 ਕਰੋੜ ਡਾਲਰ ਦਾ ਕਰਜ਼ਾ
ਅਜੀਤ ਡੈਸਕ
05-06-2025