ਫ਼ਿਰੋਜ਼ਪੁਰ, 2 ਸਤੰਬਰ (ਗੁਰਿੰਦਰ ਸਿੰਘ)ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਕੇਂਦਰ ਸਰਕਾਰ ਤੋਂ ਹੜ੍ਹ ਪੀੜਤ ਲੋਕਾਂ ਲਈ ਢੁਕਵਾਂ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਅਤੇ ਸਤਲੁਜ ਦਰਿਆ 'ਚ ਵਧਦੇ ਪਾਣੀ ਕਾਰਨ ਇਲਾਕੇ ਦੇ ਕਈ ਪਿੰਡ ਹੜ੍ਹ ਦੀ ਲਪੇਟ 'ਚ ਆ ਗਏ ਹਨ, ਜਿਸ ਕਾਰਨ ਲੋਕਾਂ ਦੇ ਘਰ, ਖੇਤਾਂ ਅਤੇ ਪਸ਼ੂਆਂ ਦਾ ਭਾਰੀ ਨੁਕਸਾਨ ਹੋਇਆ ਹੈ | ਕਿਸ਼ਤੀ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲੈਣ ਮੌਕੇ ਮੁੱਖ ਮੰਤਰੀ ਨੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਪੂਰੀ ਮਦਦ ਕਰੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਬਾਈ ਆਫ਼ਤ ਰਾਹਤ ਫ਼ੰਡ (ਐੱਸ.ਡੀ.ਆਰ.ਐੱਫ.) 'ਚ ਕਾਫ਼ੀ ਰਕਮ ਮੌਜੂਦ ਹੈ, ਪਰ ਕੇਂਦਰ ਸਰਕਾਰ ਵਲੋਂ ਨਿਰਧਾਰਿਤ ਕੀਤੇ ਗਏ ਮਾਪਦੰਡ ਏਨੇ ਕਠੋਰ ਹਨ ਕਿ ਅਸਲ ਪੀੜਤਾਂ ਤੱਕ ਪੂਰਾ ਮੁਆਵਜ਼ਾ ਪਹੁੰਚ ਹੀ ਨਹੀਂ ਸਕਦਾ | ਮੁੱਖ ਮੰਤਰੀ ਨੇ ਗੰਭੀਰ ਚਿੰਤਾ ਜਤਾਈ ਕਿ ਮੌਜੂਦਾ ਮਾਪਦੰਡਾਂ ਅਧੀਨ ਕਿਸਾਨਾਂ, ਪਸ਼ੂ ਪਾਲਕਾਂ ਅਤੇ ਹੋਰ ਨੁਕਸਾਨ ਝੱਲ ਰਹੇ ਵਰਗਾਂ ਨੂੰ ਜੋ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਉਹ ਉਨ੍ਹਾਂ ਦੇ ਅਸਲ ਨੁਕਸਾਨ ਦੇ ਮੁਕਾਬਲੇ ਬਹੁਤ ਘੱਟ ਹੈ | ਉਨ੍ਹਾਂ ਕਿਹਾ ਕਿ ਜ਼ਮੀਨੀ ਹਕੀਕਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਾਪਦੰਡਾਂ 'ਚ ਤੁਰੰਤ ਸੋਧ ਕਰੇ, ਤਾਂ ਜੋ ਹਕੀਕਤ ਤੌਰ 'ਤੇ ਹੜ੍ਹ ਕਾਰਨ ਨੁਕਸਾਨ ਝੱਲ ਰਹੇ ਲੋਕਾਂ ਨੂੰ ਆਰਥਿਕ ਸਹਾਰਾ ਮਿਲ ਸਕੇ |
ਮੁੱਖ ਮੰਤਰੀ ਵਲੋਂ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਿਸ਼ਤੀ ਰਾਹੀਂ ਦੌਰਾ
ਅਜੀਤ ਡੈਸਕ
03-09-2025