02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਡੈਮਾਂ ਤੋਂ ਵਾਧੂ ਪਾਣੀ ਛੱਡਣ ਨਾਲ ਸਤਲੁਜ, ਬਿਆਸ ਤੇ ਰਾਵੀ 'ਚ ਪਾਣੀ ਦਾ ਪੱਧਰ ਵਧਿਆ

Ad Position 21
No active advertisement
ਅਜੀਤ ਡੈਸਕ 04-09-2025

ਹਰਕਵਲਜੀਤ ਸਿੰਘ
ਚੰਡੀਗੜ੍ਹ, 3 ਸਤੰਬਰ-ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ ਹਿਮਾਚਲ ਵਿਚ ਭਾਰੀ ਬਾਰਿਸ਼ ਦੇ ਜਾਰੀ ਰਹਿਣ ਕਾਰਨ ਭਾਖੜਾ ਸਮੇਤ ਪੰਜਾਬ ਦੇ ਡੈਮਾਂ 'ਚੋਂ ਅੱਜ ਪਾਣੀ ਦੀ ਨਿਕਾਸੀ ਵਧਾਉਣੀ ਪਈ, ਜਿਸ ਕਾਰਨ ਸਤਲੁਜ, ਬਿਆਸ ਤੇ ਰਾਵੀ 'ਚ ਪਾਣੀ ਦਾ ਕੁਝ ਪੱਧਰ ਹੋਰ ਵਧਿਆ | ਰਾਜ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਤਕਰੀਬਨ ਸਾਰੇ ਡੈਮ ਖ਼ਤਰੇ ਦੇ ਨਿਸ਼ਾਨ 'ਤੇ ਹੋਣ ਦੇ ਬਾਵਜੂਦ ਪਾਣੀ ਦੀ ਨਿਕਾਸੀ ਨੂੰ ਕਾਫ਼ੀ ਕੰਟਰੋਲ ਵਿਚ ਰੱਖਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਨਾ ਵਧਣ | ਪ੍ਰੰਤੂ ਖੇਤਰ ਤੋਂ ਮਿਲਣ ਵਾਲੀਆਂ ਰਿਪੋਰਟਾਂ ਅਨੁਸਾਰ ਪਾਣੀ ਦਾ ਪੱਧਰ ਵਧਣ ਨਾਲ ਕੁਝ ਖੇਤਰਾਂ ਵਿਚ ਪਾਣੀ ਦਾ ਪੱਧਰ ਵਧਦਾ ਦੇਖਿਆ ਗਿਆ ਜਿਸ ਕਾਰਨ ਲੋਕਾਂ ਵਿਚ ਘਬਰਾਹਟ ਸੀ | ਘੱਗਰ ਦਰਿਆ ਵਿਚ ਵੀ ਅੱਜ ਪਾਣੀ ਦਾ ਪੱਧਰ ਵਧਣ ਕਾਰਨ ਘੱਗਰ ਦੀ ਮਾਰ ਹੇਠ ਆਉਂਦੇ ਕਈ ਖੇਤਰਾਂ ਦੇ ਖੇਤਾਂ ਵਿਚ ਅੱਜ ਪਾਣੀ ਪੁੱਜ ਗਿਆ ਜੋ ਅੱਜ ਤਕ ਹੜ੍ਹਾਂ ਦੀ ਮਾਰ ਤੋਂ ਬਚੇ ਹੋਏ ਸਨ | ਰਾਜ ਸਰਕਾਰ ਵਲੋਂ ਹੜ੍ਹਾਂ ਦੀ ਸਥਿਤੀ ਸੰਬੰਧੀ ਅੱਜ ਰਾਤ ਜਾਰੀ ਹੋਈ ਰਿਪੋਰਟ ਅਨੁਸਾਰ ਰਾਜ ਵਿਚ 1,87,284 ਹੈਕਟੇਅਰ ਜ਼ਮੀਨ ਹੜ੍ਹਾਂ ਦੀ ਮਾਰ ਹੇਠ ਆ ਗਈ ਸੀ ਜਿਸ ਤੋਂ ਸਪੱਸ਼ਟ ਸੀ ਕਿ 4.60 ਲੱਖ ਏਕੜ ਤੋਂ ਵੱਧ ਰਕਬੇ ਦੀ ਖੇਤੀ ਹੜ੍ਹਾਂ ਦੀ ਮਾਰ ਹੇਠ ਆ ਚੁੱਕੀ ਹੈ | ਜਦੋਂ ਕਿ ਸਰਕਾਰੀ ਅਧਿਕਾਰੀ ਕੁਝ ਖੇਤਰਾਂ ਦਾ ਅਨੁਮਾਨ ਅਜੇ ਨਹੀਂ ਲਗਾ ਸਕੇ | ਰਿਪੋਰਟ ਅਨੁਸਾਰ ਪ੍ਰਭਾਵਿਤ ਪਿੰਡਾਂ ਦੀ ਗਿਣਤੀ ਵੀ 1885 'ਤੇ ਪੁੱਜ ਗਈ ਹੈ | ਪ੍ਰਭਾਵਿਤ ਪਿੰਡਾਂ 'ਚ 195 ਪਿੰਡ ਅੰਮਿ੍ਤਸਰ, 327 ਪਿੰਡ ਗੁਰਦਾਸਪੁਰ, 142 ਪਿੰਡ ਫ਼ਿਰੋਜ਼ਪੁਰ, 127 ਹੁਸ਼ਿਆਰਪੁਰ, 125 ਮਾਨਸਾ, 131 ਕਪੂਰਥਲਾ ਅਤੇ 119 ਸੰਗਰੂਰ ਦੇ ਹਨ | ਹੜ੍ਹਾਂ ਕਾਰਨ 3,80,670 ਪ੍ਰਭਾਵਿਤ ਹੋਏ ਲੋਕਾਂ 'ਚੋਂ 1,4500 ਗੁਰਦਾਸਪੁਰ, 1,35,800 ਅੰਮਿ੍ਤਸਰ, 39078 ਫ਼ਿਰੋਜ਼ਪੁਰ, 21562 ਫ਼ਾਜ਼ਿਲਕਾ, 15,503 ਪਠਾਨਕੋਟ ਅਤੇ 13000 ਐਸ.ਏ.ਐਸ ਨਗਰ ਤੋਂ ਹਨ | ਰਾਜ ਸਰਕਾਰ ਦੀ ਰਿਪੋਰਟ ਅਨੁਸਾਰ ਹੁਣ ਤਕ 62 ਮੌਤਾਂ ਦੀ ਜਾਣਕਾਰੀ ਹੈ, ਜਿਸ 'ਚੋਂ ਲੁਧਿਆਣਾ ਤੇ ਹੁਸ਼ਿਆਰਪੁਰ 10-10 ਅਤੇ ਤਰਨ ਤਾਰਨ ਤੇ ਬਰਨਾਲਾ 'ਚ 5-5 ਮੌਤਾਂ ਹੋਈਆਂ ਹਨ | ਹੜ੍ਹਾਂ ਵਿਚ 4 ਵਿਅਕਤੀ ਲਾਪਤਾ ਵੀ ਹਨ ਅਤੇ 27 ਜ਼ਖਮੀ ਵੀ ਹੋਏ ਹਨ | ਰਿਪੋਰਟ ਅਨੁਸਾਰ ਹੁਣ ਤਕ 20,538 ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ 'ਚੋਂ ਕੱਢਿਆ ਗਿਆ ਹੈ ਅਤੇ ਰਾਜ ਵਿਚ ਸਥਾਪਿਤ ਕੀਤੇ ਗਏ 190 ਰਾਹਤ ਕੈਂਪਾਂ ਵਿਚ ਇਸ ਵੇਲੇ 34,805 ਲੋਕ ਰੁਕੇ ਹੋਏ ਹਨ | ਹੁਸ਼ਿਆਰਪੁਰ ਦੇ 18 ਪਿੰਡਾਂ 'ਚੋਂ ਲੋਕਾਂ ਦਾ ਸਮੁੱਚਾ ਸਾਮਾਨ ਹੀ ਰੁੜ੍ਹ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ ਅੱਜ ਕਰਨਗੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਅਗਲੀ ਖ਼ਬਰ ਦਲਬੀਰ ਸਿੰਘ ਜਾਫ਼ਰਵਾਲ ਨੂੰ ਸਦਮਾ, ਵੱਡੇ ਭਰਾ ਦਾ ਦਿਹਾਂਤ <br/>
Ad Position 24