ਭਿ੍ਸ਼ਟਾਚਾਰ ਦੇ ਕੇਸ 'ਚ ਮਿਲੀ ਸੀ ਜ਼ਮਾਨਤ, ਪਰ ਫਿਰ ਹੋ ਸਕਦੀ ਹੈ ਜੇਲ੍ਹ
ਜਲੰਧਰ, 4 ਸਤੰਬਰ (ਚੰਦੀਪ ਭੱਲਾ)-ਭਿ੍ਸ਼ਟਾਚਾਰ ਦੇ ਮਾਮਲੇ 'ਚ 100 ਤੋਂ ਵੱਧ ਦਿਨ ਜੇਲ੍ਹ 'ਚ ਰਹੇ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੂੰ ਅਜੇ ਬੀਤੇ ਦਿਨੀਂ ਹੀ ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ, ਪਰ ਇਸ ਦੇ ਨਾਲ ਹੀ ਥਾਣਾ ਰਾਮਾ ਮੰਡੀ ਦੀ ਪੁਲਿਸ ਵਲੋਂ ਰਮਨ ਅਰੋੜਾ ਖ਼ਿਲਾਫ਼ ਡਰਾ ਧਮਕਾ ਕੇ ਜਬਰਨ ਵਸੂਲੀ ਦਾ ਇੱਕ ਹੋਰ ਕੇਸ ਦਰਜ ਕਰ ਲਿਆ ਤੇ ਅੱਜ ਸਵੇਰੇ ਹੀ ਪੁਲਿਸ ਨੇ ਰਮਨ ਅਰੋੜਾ ਨੂੰ ਅਗਲੇ ਕੇਸ 'ਚ ਗਿ੍ਫ਼ਤਾਰ ਕਰਦੇ ਹੋਏ ਜੇਲ੍ਹ ਤੋਂ ਲਿਆ ਕੇ ਜੇ.ਐਮ.ਆਈ.ਸੀ. ਰਾਮ ਪਾਲ ਦੀ ਅਦਾਲਤ 'ਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕਰ ਲਿਆ | ਰਮਨ ਅਰੋੜਾ ਵਲੋਂ ਉਨ੍ਹਾਂ ਦੇ ਵਕੀਲ ਦਰਸ਼ਨ ਸਿੰਘ ਦਿਆਲ ਤੇ ਨਵੀਨ ਚੱਢਾ ਅਦਾਲਤ 'ਚ ਪੇਸ਼ ਹੋਏ | ਇਸ ਸੰਬੰਧੀ ਵਕੀਲ ਦਰਸ਼ਨ ਸਿੰਘ ਦਿਆਲ ਤੇ ਨਵੀਨ ਚੱਢਾ ਨੇ ਦੱਸਿਆ ਕਿ ਰਮਨ ਅਰੋੜਾ ਦੇ ਖ਼ਿਲਾਫ਼ ਰਮੇਸ਼ ਕੁਮਾਰ ਵਾਸੀ ਲੰਮਾ ਪਿੰਡ ਜੋਕਿ ਟਰੱਕਾਂ ਦੀ ਪਾਰਕਿੰਗ ਦਾ ਕੰਮ ਕਰਦਾ ਹੈ ਦੀ ਸ਼ਿਕਾਇਤ 'ਤੇ ਉਸ ਨੂੰ ਡਰਾ ਧਮਕਾ ਕੇ ਉਸ ਕੋਲੋਂ ਵਸੂਲੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਸ਼ਿਕਾਇਤ 'ਚ ਕਿਹਾ ਕਿ ਰਮਨ ਅਰੋੜਾ ਨੂੰ ਉਹ ਕਦੇ 30 ਹਜ਼ਾਰ ਤੇ ਕਦੇ 20 ਹਜ਼ਾਰ ਰੁਪਏ ਦਿੰਦਾ ਸੀ ਤੇ ਇੱਕ ਵਾਰ ਤਾਂ ਉਸ ਨੇ 50 ਹਜ਼ਾਰ ਰੁਪਏ ਵੀ ਦਿੱਤੇ ਤੇ ਜਦੋਂ ਇਹ ਕੰਮ ਨਹੀਂ ਰੁਕਿਆ ਤੇ ਉਸ ਨੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ | ਵਕੀਲ ਦਰਸ਼ਨ ਸਿੰਘ ਦਿਆਲ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਹੀ ਰਮਨ ਅਰੋੜਾ ਨੂੰ ਅਦਾਲਤ ਤੋਂ ਜ਼ਮਾਨਤ ਮਿਲੀ ਤਾਂ ਪੁਲਿਸ ਨੇ ਅਦਾਲਤ ਤੋਂ ਪ੍ਰਾਡਕਸ਼ਨ ਵਾਰੰਟ ਲੈ ਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਇਹ ਸਭ ਇਸ ਲਈ ਕੀਤਾ ਗਿਆ ਕਿਉਂਕਿ ਉਸ ਨੇ ਅਜੇ ਤੱਕ ਅਸਤੀਫ਼ਾ ਨਹੀਂ ਦਿੱਤਾ ਹੈ, ਹੁਣ ਰਮਨ ਅਰੋੜਾ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਐਤਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ |
ਰਮਨ ਅਰੋੜਾ ਨੂੰ ਜਬਰਨ ਵਸੂਲੀ ਕੇਸ ਸੰਬੰਧੀ ਅਦਾਲਤ 'ਚ ਪੇਸ਼ ਕਰ ਕੇ ਲਿਆ ਰਿਮਾਂਡ
ਅਜੀਤ ਡੈਸਕ
05-09-2025