ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)- ਸਰਕਾਰ ਨੇ ਨਵਰਾਤਰਿਆਂ ਮੌਕੇ 25 ਲੱਖ ਪ੍ਰਧਾਨ ਮੰਤਰੀ ਉੱਜਵਲਾ ਗੈਸ ਕੁਨੈਕਸ਼ਨ ਦੇਣ ਦਾ ਐਲਾਨ ਕੀਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ ਰਾਹੀਂ ਉਕਤ ਜਾਣਕਾਰੀ ਦਿੱਤੀ | ਮੋਦੀ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਨਾ ਸਿਰਫ਼ ਔਰਤਾਂ ਨੂੰ ਨਵੀਂ ਖੁਸ਼ੀ ਮਿਲੇਗੀ, ਸਗੋਂ ਨਾਰੀ ਸਸ਼ਕਤੀਕਰਨ ਦੇ ਸਾਡੇ ਸੰਕਲਪਾਂ ਨੂੰ ਵੀ ਹੋਰ ਮਜ਼ਬੂਤੀ ਮਿਲੇਗੀ | ਇਸ ਤੋਂ ਪਹਿਲਾਂ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਨਵਰਾਤਰਿਆਂ ਦੇ ਸ਼ੁਰੂ ਹੋਣ ਨਾਲ ਮੁਫ਼ਤ 25 ਲੱਖ ਨਵੇਂ ਉੱਜਵਲਾ ਰਸੋਈ ਗੈਸ ਕੁਨੈਕਸ਼ਨ ਇਸ ਗੱਲ ਦਾ ਸਬੂਤ ਹੈ ਕਿ ਪ੍ਰਧਾਨ ਮੰਤਰੀ ਔਰਤਾਂ ਨੂੰ ਦੇਵੀ ਦੁਰਗਾ ਵਾਂਗ ਸਨਮਾਨ ਦਿੰਦੇ ਹਨ | ਇਸ ਵੇਲੇ ਦੇਸ਼ 'ਚ 10 ਕਰੋੜ 35 ਲੱਖ ਉੱਜਵਲਾ ਗੈਸ ਕੁਨੈਕਸ਼ਨ ਹਨ | 25 ਲੱਖ ਨਵੇਂ ਕੁਨੈਕਸ਼ਨਾਂ ਨਾਲ ਇਹ ਗਿਣਤੀ ਵਧ ਕੇ 10 ਕਰੋੜ 60 ਲੱਖ ਹੋ ਜਾਏਗੀ | ਪੁਰੀ ਨੇ ਕਿਹਾ ਕਿ ਹਰ ਨਵੇਂ ਗੈਸ ਕੁਨੈਕਸ਼ਨ 'ਤੇ ਸਰਕਾਰ 2050 ਰੁਪਏ ਖ਼ਰਚ ਕਰੇਗੀ | ਯੋਜਨਾ ਤਹਿਤ ਲਾਭਪਾਤਰੀਆਂ ਨੂੰ ਮੁਫ਼ਤ ਐਲ.ਪੀ.ਜੀ. ਸਿਲੰਡਰ ਦੇ ਨਾਲ ਗੈਸ ਚੁੱਲ੍ਹਾ ਅਤੇ ਰੈਗੂਲੇਟਰ ਮੁਫ਼ਤ ਦਿੱਤੇ ਜਾਂਦੇ ਹਨ |
25 ਲੱਖ ਲੋਕਾਂ ਨੂੰ ਮਿਲੇਗਾ ਮੁਫ਼ਤ ਐਲ.ਪੀ.ਜੀ. ਕੁਨੈਕਸ਼ਨ
ਅਜੀਤ ਡੈਸਕ
24-09-2025