ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਸੱਤ ਸਾਲ ਪੂਰੇ ਹੋਣ ਮੌਕੇ ਵਧਾਈ ਦਿੱਤੀ | ਸੋਸ਼ਲ ਮੀਡੀਆ ਮੰਚ ਐਕਸ 'ਤੇ ਪਾਏ ਸੰਦੇਸ਼ 'ਚ ਮੋਦੀ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਇਕ ਅਜਿਹੀ ਪਹਿਲ ਸੀ, ਜਿਸ ਨੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਲੋਕਾਂ ਲਈ ਉੱਚ ਕੁਆਲਟੀ ਅਤੇ ਕਫਾਇਤੀ ਸਿਹਤ ਸੇਵਾ ਯਕੀਨੀ ਕਰਨ 'ਤੇ ਧਿਆਨ ਕੇਂਦਰਿਤ ਕੀਤਾ | ਉਨ੍ਹਾਂ ਕਿਹਾ ਕਿ ਇਸ ਦੀ ਬਦੌਲਤ ਭਾਰਤ ਜਨਤਕ ਸਿਹਤ ਸੇਵਾ 'ਚ ਇਕ ਕ੍ਰਾਂਤੀ ਦਾ ਗਵਾਹ ਬਣ ਰਿਹਾ ਹੈ | ਇਸ ਨੇ ਵਿੱਤੀ ਸੁਰੱਖਿਆ ਅਤੇ ਸਨਮਾਨ ਯਕੀਨੀ ਬਣਾਇਆ ਹੈ | ਭਾਰਤ ਨੇ ਵਿਖਾਇਆ ਹੈ ਕਿ ਕਿਵੇਂ ਮਾਪਦੰਡ ਰਹਿਮ ਅਤੇ ਤਕਨੀਕ ਮਨੁੱਖੀ ਸਸ਼ਕਤੀਕਰਨ ਨੂੰ ਹੋਰ ਅੱਗੇ ਵਧਾ ਸਕਦੇ ਹਨ | ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਵੀ ਐਕਸ 'ਤੇ 'ਮਾਈ ਗਾਵ ਇੰਡੀਆ' 'ਤੇ ਵੀ ਇਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ 7 ਸਾਲ ਪੂਰੇ ਹੋਣ 'ਤੇ ਭਾਰਤ ਇਕ ਸਿਹਤ ਸੇਵਾ ਕ੍ਰਾਂਤੀ ਦਾ ਜਸ਼ਨ ਮਨਾ ਰਿਹਾ ਹੈ, ਜਿਸ ਨੇ 55 ਕਰੋੜ ਤੋਂ ਵੱਧ ਨਾਗਰਿਕਾਂ ਲਈ ਵਿੱਤੀ ਸੁਰੱਖਿਆ, ਪਹੁੰਚ ਅਤੇ ਸਨਮਾਨਜਨਕ ਦੇਖਭਾਲ ਯਕੀਨੀ ਬਣਾਉਂਦੇ ਹੋਏ ਸਿਹਤ ਸੇਵਾਵਾਂ ਦੀ ਨਵੀਂ ਪਰਿਭਾਸ਼ਾ ਰਚੀ ਹੈ | ਜ਼ਿਕਰਯੋਗ ਹੈ ਕਿ ਸਕੀਮ ਤਹਿਤ ਪ੍ਰਤੀ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦੀ ਸਾਲਾਨਾ ਕਵਰੇਜ ਸ਼ਾਮਿਲ ਹੈ, ਜੋ ਹਸਪਤਾਲ 'ਚ ਦਾਖਲ ਹੋਣ 'ਤੇ ਲਾਗੂ ਹੁੰਦੀ ਹੈ |
ਆਯੂਸ਼ਮਾਨ ਰਾਹਤ ਯੋਜਨਾ ਰਾਹੀਂ ਭਾਰਤ ਬਣ ਰਿਹੈ ਸਿਹਤ ਦੇ ਖੇਤਰ 'ਚ ਕ੍ਰਾਂਤੀ ਦਾ ਗਵਾਹ-ਮੋਦੀ <br/>
ਅਜੀਤ ਡੈਸਕ
24-09-2025