ਪਕਤਿਕਾ 'ਚ ਹਮਲੇ ਦੌਰਾਨ ਮਾਰੇ ਗਏ 17 ਆਮ ਨਾਗਰਿਕ-ਅਫ਼ਗਾਨ ਸ਼ਾਸਕ
ਅੰਮਿ੍ਤਸਰ, 19 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਮੀਡੀਆ ਨੇ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਅਫ਼ਗਾਨਿਸਤਾਨ ਦੇ ਪਕਤਿਕਾ ਪ੍ਰਾਂਤ 'ਚ ਪਾਕਿਸਤਾਨੀ ਫ਼ੌਜ ਦੀ ਨਿਸ਼ਾਨਾਬੱਧ ਕਾਰਵਾਈ 'ਚ ਗੁਲ ਬਹਾਦੁਰ ਸਮੂਹ ਨਾਲ ਸੰਬੰਧਿਤ 70 ਤੋਂ ਵੱਧ ਅੱਤਵਾਦੀ ਮਾਰੇ ਗਏ | ਸੁਰੱਖਿਆ ਬਲਾਂ ਅਨੁਸਾਰ 17 ਅਕਤੂਬਰ ਦੀ ਰਾਤ ਪਕਤਿਕਾ ਪ੍ਰਾਂਤ 'ਚ ਗੁਲ ਬਹਾਦੁਰ ਸਮੂਹ ਦੇ ਛੁਪਣਗਾਹਾਂ ਨੂੰ ਨਿਸ਼ਾਨਾ ਬਣਾਇਆ ਅਤੇ ਪ੍ਰਭਾਵਸ਼ਾਲੀ ਹਮਲਿਆਂ 'ਚ ਸਮੂਹ ਦੇ ਚੋਟੀ ਦੇ ਅੱਤਵਾਦੀ ਮਾਰੇ ਗਏ | ਸੁਰੱਖਿਆ ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਗੁਲ ਬਹਾਦੁਰ ਸਮੂਹ ਅਫ਼ਗਾਨਿਸਤਾਨ ਰਾਹੀਂ ਪਾਕਿ 'ਚ ਦਾਖ਼ਲ ਹੋ ਕੇ ਵੱਡੀ ਗਿਣਤੀ ਵਿਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇ ਰਿਹਾ ਹੈ | ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਇਸ ਅੱਤਵਾਦੀ ਸਮੂਹ ਨੇ ਉੱਤਰੀ ਵਜ਼ੀਰਸਤਾਨ ਦੇ ਖੱਡੀ ਖੇਤਰ 'ਚ ਇਕ ਵਿਸਫੋਟ ਨਾਲ ਭਰੀ ਗੱਡੀ ਦੀ ਵਰਤੋਂ ਕਰਕੇ ਇਕ ਵੱਡਾ ਹਮਲਾ ਕੀਤਾ, ਜਿਸ 'ਚ ਔਰਤਾਂ, ਬੱਚੇ ਅਤੇ ਵੱਡੀ ਗਿਣਤੀ 'ਚ ਸਿਪਾਹੀ ਮਾਰੇ ਗਏ | ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ ਹਵਾਈ ਹਮਲਿਆਂ 'ਚ ਗੁਲ ਬਹਾਦੁਰ ਸਮੂਹ ਦਾ ਕਮਾਂਡਰ ਫ਼ਰਮਾਨ ਉਰਫ਼ ਅਲਾਕਰਾਮਾ ਵੀ ਮਾਰਿਆ ਗਿਆ | ਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੇ ਪਕਤਿਕਾ 'ਚ ਪਾਕਿ ਵਲੋਂ ਕੀਤੇ ਗਏ ਹਵਾਈ ਹਮਲੇ 'ਚ ਤਿੰਨ ਅਫ਼ਗਾਨ ਕਿ੍ਕਟਰਾਂ ਅਤੇ 14 ਆਮ ਨਾਗਰਿਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ |
ਮਾਰਿਆ ਗਿਆ ਅੱਤਵਾਦੀ ਕਮਾਂਡਰ ਤਾਰਿਕ ਕਾਚੀ
ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਬੰਨੂ 'ਚ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅੱਤਵਾਦੀ ਕਮਾਂਡਰ ਤਾਰਿਕ ਕਾਚੀ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ | ਇਸ ਤੋਂ ਪਹਿਲਾਂ ਪਾਕਿਸਤਾਨੀ ਫ਼ੌਜ ਨੇ ਅੱਤਵਾਦੀ ਸਮੂਹ ਤਹਿਰੀਕ- ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਚੀਫ਼ ਮੁਫ਼ਤੀ ਨੂਰ ਵਲੀ ਮਹਿਸੂਦ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਸੀ, ਪਰ ਬਾਅਦ 'ਚ ਉਸ ਨੇ ਪਾਕਿ ਦੇ ਖ਼ੈਬਰ ਕਬਾਇਲੀ ਜ਼ਿਲ੍ਹੇ 'ਚੋਂ ਵੀਡੀਓ ਜਾਰੀ ਕਰਕੇ ਨਾ ਸਿਰਫ਼ ਆਪਣੀ ਮੌਤ ਦੀਆਂ ਅਫ਼ਵਾਹਾਂ ਨੂੰ ਖ਼ਾਰਜ ਕੀਤਾ, ਸਗੋਂ ਉਕਤ ਖੇਤਰ ਵਿਚਲੇ ਆਪਣੇ ਸਮੂਹ ਦੇ ਨਿਯੰਤਰਨ ਵਾਲੇ ਖੇਤਰਾਂ ਦੀ ਪਛਾਣ ਵੀ ਕਰਵਾਈ |
ਪਾਕਿ ਵਲੋਂ ਅਫ਼ਗਾਨਿਸਤਾਨ 'ਚ ਹਵਾਈ ਹਮਲੇ ਦੌਰਾਨ 70 ਤੋਂ ਵੱਧ ਅੱਤਵਾਦੀ ਮਾਰੇ ਜਾਣ ਦਾ ਦਾਅਵਾ
ਅਜੀਤ ਡੈਸਕ
20-10-2025