ਨਵੀਂ ਦਿੱਲੀ, 25 ਅਗਸਤ (ਉਪਮਾ ਡਾਗਾ ਪਾਰਥ)- ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮਰਦਮਸ਼ੁਮਾਰੀ ’ਚ ਜਾਤਾਂ ਦੀ ਜਾਣਕਾਰੀ ਇਕੱਠੀ ਕਰਨ ਦੇ ਤਰੀਕੇ ਦਾ ਵਿਰੋਧ ਕਰਦਿਆਂ ਸਵਾਲ ਬਦਲਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਰਦਮਸ਼ੁਮਾਰੀ ਦੇ ਮੌਜੂਦਾ ਤਰੀਕੇ ਨਾਲ ਗ਼ਲਤ ਡੇਟਾ ਮਿਲ ਸਕਦਾ ਹੈ। ਖੜਗੇ ਅਤੇ ਰਾਹੁਲ ਗਾਂਧੀ ਨੇ ਮਰਦਮਸ਼ੁਮਾਰੀ ਦੇ ਸਵਾਲਾਂ ’ਚ ਪਿਛੜਾ ਵਰਗ (ਓ.ਬੀ.ਸੀ.) ਸ਼ਬਦ ਨਾ ਹੋਣ ’ਤੇ ਵੀ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਦੇਸ਼ ’ਚ ਓ.ਬੀ.ਸੀ. ਆਬਾਦੀ ਦਾ ਸਹੀ ਅੰਕੜਾ ਸਾਹਮਣੇ ਆਉਣ ’ਚ ਪ੍ਰੇਸ਼ਾਨੀ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ’ਚ ਦੋਹਾਂ ਨੇਤਾਵਾਂ ਨੇ ਕਿਹਾ ਕਿ ਸਮਾਜਿਕ ਨਿਆਂ ਦੀਆਂ ਨੀਤੀਆਂ ਲਾਗੂ ਕਰਨ ਲਈ ਜਾਤਾਂ ਦਾ ਸਹੀ ਡੇਟਾ ਜ਼ਰੂਰੀ ਹੈ। ਸਹੀ ਡੇਟਾ ਦੇ ਬਿਨਾਂ ਭਾਰਤ ’ਚ ਸਮਾਜਿਕ ਨਿਆਂ ਦੀਆਂ ਨੀਤੀਆਂ ਠੀਕ ਢੰਗ ਨਾਲ ਲਾਗੂ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਜਾਤਾਂ ਦੀ ਜਾਣਕਾਰੀ ਦਰਜ ਕਰਵਾਉਣ ਲਈ ‘ਓਪਨ ਐਂਡਿਡ (ਜਿਸਦਾ ਕੋਈ ਨਿਸਚਿਤ ਜਵਾਬ ਨਾ ਹੋਵੇ) ਸਵਾਲਾਂ ਦੀ ਵਰਤੋਂ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇਕ ਹੀ ਜਾਤ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਵੱਖ-ਵੱਖ ਨਾਵਾਂ, ਉਪ ਨਾਵਾਂ ਜਾਂ ਸਥਾਨਕ ਨਾਵਾਂ ਨਾਲ ਜਾਣਿਆ ਜਾ ਸਕਦਾ ਹੈ। ਇਸ ਤਰ੍ਹਾਂ ਜਾਤਾਂ ਦੇ ਬਹੁਤ ਸਾਰੇ ਵਰਗ ਬਣ ਸਕਦੇ ਹਨ ਅਤੇ ਜਾਤ ਆਧਾਰਿਤ ਮਰਦਮਸ਼ੁਮਾਰੀ ਨਾਲ ਮਿਲੇ ਡੇਟਾ ਦੀ ਵਰਤੋਂ ਕਰਨਾ ਮੁਸ਼ਕਿਲ ਹੋ ਸਕਦਾ ਹੈ। ਰਾਹੁਲ ਤੇ ਖੜਗੇ ਨੇ ਦੇਸ਼ ’ਚ ਹੋਰ ਪਿਛੜਾ ਵਰਗ (ਓ.ਬੀ.ਸੀ.) ਬਾਰੇ ਸਪੱਸ਼ਟਤਾ ਦੀ ਕਮੀ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਾਨੂੰ ਇਹ ਵੀ ਪਤਾ ਨਹੀਂ ਲੱਗੇਗਾ ਕਿ ਭਾਰਤ ’ਚ ਓ.ਬੀ.ਸੀ. ਆਬਾਦੀ ਕਿੰਨੀ ਵੱਡੀ ਹੈ। ਦੋਹਾਂ ਨੇਤਾਵਾਂ ਨੇ ਸੁਝਾਅ ਦਿੰਦਿਆਂ ਕਿਹਾ ਕਿ ਜਾਤਾਂ ਦੀ ਪਛਾਣ ਅਤੇ ਗਿਣਤੀ ਦਰਜ ਕਰਨ ਦਾ ਅਮਲ ਇਕੋ ਜਿਹਾ ਹੋਣਾ ਚਾਹੀਦਾ ਹੈ ਤਾਂ ਜੋ ਦੇਸ਼ ’ਚ ਸਮਾਜਿਕ ਆਰਥਿਕ ਸਥਿਤੀ ਦਾ ਸਹੀ ਅੰਕੜਾ ਮਿਲ ਸਕੇ। ਉਨ੍ਹਾਂ ਜਾਤਾਂ ਦੇ ਨਾਂਅ ਦਰਜ ਕਰਨ ਲਈ ਤੈਅ ਸੂਚੀ ਜਾਂ ਡ੍ਰਾਪ ਡਾਉਨ ਵਿਕਲਪ ਦੇਣ ਦੀ ਮੰਗ ਕੀਤੀ। ਕਾਂਗਰਸੀ ਨੇਤਾਵਾਂ ਨੇ ਸਰਕਾਰੀ ਜਾਤ ਸੂਚੀਆਂ ਅਤੇ ਭਾਰਤੀ ਮਨੁੱਖੀ ਸ਼ਾਸਤਰ ਸਰਵੇਖਣ ਦੇ ਆਧਾਰ ’ਤੇ ਨਾਂਅ ਸ਼ਾਮਿਲ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਤੇਲੰਗਾਨਾ ਅਤੇ ਬਿਹਾਰ ਦੇ ਜਾਤ ਆਧਾਰਿਤ ਸਰਵੇਖਣਾਂ ’ਚ ਵੀ ਅਜਿਹੀਆਂ ਸੂਚੀਆਂ ਦੀ ਵਰਤੋਂ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ 14 ਅਗਸਤ ਨੂੰ ਮਰਦਮਸ਼ੁਮਾਰੀ 2027 ’ਚ ਪੁੱਛੇ ਜਾਣ ਵਾਲੇ 40 ਸਵਾਲਾਂ ਦੀ ਸੂਚੀ ਜਾਰੀ ਕੀਤੀ ਗਈ ਸੀ, ਜਿਸ ’ਚ ਲੋਕਾਂ ਤੋਂ ਪੱਟੀ ਦਰਜ ਜਾਤਾਂ (ਐਸ.ਸੀ.) ਪੱਟੀ ਦਰਜ ਕਬੀਲਿਆਂ (ਐਸ.ਟੀ.) ਜਾਂ ਹੋਰ ਜਾਤਾਂ ਬਾਰੇ ਪੁੱਛਿਆ ਜਾਏਗਾ।
ਰਾਹੁਲ ਤੇ ਖੜਗੇ ਨੇ ਮੋਦੀ ਨੂੰ ਲਿਖੀ ਚਿੱਠੀ-ਜਾਤ ਆਧਾਰਿਤ ਮਰਦਮਸ਼ੁਮਾਰੀ ਦੇ ਸਵਾਲ ਬਦਲਣ ਲਈ ਕਿਹਾ
ਨਵੀਂ ਦਿੱਲੀ, 25 ਅਗਸਤ (ਉਪਮਾ ਡਾਗਾ ਪਾਰਥ)- ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮਰਦਮਸ਼ੁਮਾਰੀ ’ਚ ਜਾਤਾਂ ਦੀ ...
ਅਜੀਤ ਡੈਸਕ
26-08-2026