ਸਿੱਖਿਆ, ਸਿਹਤ ਸਮੇਤ ਕਈ ਅਹਿਮ ਸਮਝੌਤੇ ਸਹੀਬੱਧ
ਰੂਸੀ ਨਾਗਰਿਕਾਂ ਨੂੰ ਮਿਲੇਗਾ 30
ਦਿਨਾਂ ਦਾ ਮੁਫ਼ਤ ਸੈਲਾਨੀ ਵੀਜ਼ਾ
ਸਾਡਾ ਟੀਚਾ ਦੁਵੱਲੇ ਵਪਾਰ ਨੂੰ 100 ਅਰਬ ਡਾਲਰ ਤੱਕ ਲਿਜਾਣ ਦਾ-ਪੁਤਿਨ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 5 ਦਸੰਬਰ-ਭਾਰਤ ਅਤੇ ਰੂਸ ਦੀ ਢਾਈ ਦਹਾਕਿਆਂ ਦੀ ਰਣਨੀਤਕ ਸਾਂਝੇਦਾਰੀ ਨੂੰ ਧਰੂ ਤਾਰੇ ਵਾਂਗ ਅਟੱਲ ਦੱਸਦਿਆਂ ਦੋਵਾਂ ਦੇਸ਼ਾਂ ਦੇ ਮੁਖੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਕ-ਦੂਜੇ ਲਈ ਅੱਗੇ ਆਉਂਦਿਆਂ ਕਈ ਅਹਿਮ ਐਲਾਨ ਕੀਤੇ, ਜਿਥੇ ਭਾਰਤ ਨੇ ਰੂਸੀ ਸੈਲਾਨੀਆਂ ਲਈ 30 ਦਿਨਾਂ ਦਾ ਮੁਫ਼ਤ ਵੀਜ਼ਾ ਦੇਣ ਦਾ ਐਲਾਨ ਕੀਤਾ, ਉਥੇ ਪੁਤਿਨ ਨੇ ਭਾਰਤ ਲਈ ਨਿਰਵਿਘਨ ਤੇਲ ਸਪਲਾਈ ਕਰਨ ਦਾ ਐਲਾਨ ਕੀਤਾ | ਪੁਤਿਨ ਦਾ ਇਹ ਐਲਾਨ ਉਸ ਵੇਲੇ ਆਇਆ ਹੈ ਜਦੋਂ ਅਮਰੀਕਾ ਵਲੋਂ ਰੂਸ 'ਤੇ ਤੇਲ ਦੀ ਸਪਲਾਈ ਘੱਟ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ | ਭਾਰਤ ਤੇ ਰੂਸ ਵਲੋਂ 23ਵੇਂ ਸਿਖਰ ਸੰਮੇਲਨ ਦੌਰਾਨ ਆਰਥਿਕ ਤੇ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਇਕ ਪੰਜ ਸਾਲਾ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਤਹਿਤ ਦੁਵੱਲੇ ਵਪਾਰ ਨੂੰ 64 ਅਰਬ ਡਾਲਰ ਤੋਂ ਵਧਾ ਕੇ 100 ਅਰਬ ਡਾਲਰ ਕਰਨ ਦਾ ਟੀਚਾ ਮਿਥਿਆ ਗਿਆ ਹੈ | ਇਸ ਆਰਥਿਕ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਤੋਂ ਇਲਾਵਾ ਦੋਵਾਂ ਧਿਰਾਂ ਨੇ ਸਿਹਤ, ਗਤੀਸ਼ੀਲਤਾ ਅਤੇ ਪ੍ਰਵਾਸ, ਭੋਜਨ ਸੁਰੱਖਿਆ, ਸ਼ਿਪਿੰਗ ਅਤੇ ਲੋਕਾਂ ਤੋਂ ਲੋਕਾਂ ਦੇ ਆਦਾਨ-ਪ੍ਰਦਾਨ ਸਮੇਤ ਕਈ ਖੇਤਰਾਂ 'ਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ 'ਤੇ ਹਸਤਾਖਰ ਕੀਤੇ |
ਪਹਿਲਗਾਮ ਹਮਲੇ ਅਤੇ ਅੱਤਵਾਦ ਦਾ ਵੀ ਜ਼ਿਕਰ
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ 'ਚ ਅੱਤਵਾਦ ਅਤੇ ਪਹਿਲਗਾਮ ਹਮਲੇ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਅੱਤਵਾਦ ਦੇ ਖ਼ਿਲਾਫ਼ ਜੰਗ 'ਚ ਰੂਸ ਨੇ ਸਹਿਯੋਗ ਕੀਤਾ ਹੈ | ਉਨ੍ਹਾਂ ਕਿਹਾ ਕਿ ਪਹਿਲਗਾਮ ਜਾਂ ਕਰੋਕਸ ਸਿਟੀ ਹਾਲ 'ਤੇ ਹੋਏ ਬੁਜ਼ਦਿਲੀ ਭਰੇ ਹਮਲੇ, ਇਨ੍ਹਾਂ ਸਭ ਦੀ ਜੜ੍ਹ ਇਕ ਹੈ ਉਹ ਹੈ ਅੱਤਵਾਦ | ਉਨ੍ਹਾਂ ਕਿਹਾ ਕਿ ਅੱਤਵਾਦ ਮਨੁੱਖਤਾ ਦੀਆਂ ਕਦਰਾਂ 'ਤੇ ਸਿੱਧਾ ਹਮਲਾ ਹੈ | ਇਸ 'ਚ ਆਲਮੀ ਏਕਤਾ ਹੀ ਸਾਡੀ ਤਾਕਤ ਹੈ |
ਰੂਸ ਦੀ ਮਦਦ ਨਾਲ ਬਣ ਰਿਹਾ ਪ੍ਰਮਾਣੂ ਊਰਜਾ ਪਲਾਂਟ
ਰੂਸੀ ਰਾਸ਼ਟਰਪਤੀ ਨੇ ਦੋਵਾਂ ਦੇਸ਼ਾਂ ਵਲੋਂ ਮਿਲ ਕੇ ਬਣਾਏ ਜਾ ਰਹੇ ਸਭ ਤੋਂ ਵੱਡੇ ਪ੍ਰਮਾਣੂ ਊਰਜਾ ਪਲਾਂਟ, ਜੋ ਕਿ ਤਾਮਿਲਨਾਡੂ ਦੇ ਕੁਡਨਕੁਲਮ 'ਚ ਹੈ, ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਭਾਰਤ ਦਾ ਨਹੀਂ, ਸਗੋਂ ੲਸ਼ੀਆ ਦਾ ਸਭ ਤੋਂ ਵੱਡੇ ਪ੍ਰਮਾਣੂ ਪ੍ਰਾਜੈਕਟਾਂ 'ਚੋਂ ਇਕ ਹੈ | ਉਨ੍ਹਾਂ ਕਿਹਾ ਕਿ ਇਸ ਪਲਾਂਟ 'ਚ ਕੁੱਲ 6 ਰੀਐਕਟਰ ਬਣਾਏ ਜਾ ਰਹੇ | ਪ੍ਰਾਜੈਕਟ ਪੂਰਾ ਹੋਣ 'ਤੇ ਇਸ ਤੋਂ 6000 ਮੈਗਾਵਾਟ ਬਿਜਲੀ ਮਿਲੇਗੀ | ਉਨ੍ਹਾਂ ਕਿਹਾ ਕਿ ਤਿੰਨ ਰੀਐਕਟਰ ਪਹਿਲਾਂ ਹੀ ਭਾਰਤ ਦੇ ਊਰਜਾ ਨੈੱਟਵਰਕ ਨਾਲ ਜੁੜ ਚੁੱਕੇ ਹਨ, ਜਦਕਿ ਬਾਕੀ 3 ਵੱਖ-ਵੱਖ ਪੜਾਵਾਂ 'ਤੇ ਹਨ | ਪੁਤਿਨ ਨੇ ਭਾਰਤ ਨਾਲ ਮਿਲ ਕੇ ਨਵੇਂ ਅੰਤਰਰਾਸ਼ਟਰੀ ਆਵਾਜਾਈ ਰੂਟ ਬਣਾਉਣ ਦਾ ਵੀ ਐਲਾਨ ਕੀਤਾ | ਇਸ 'ਚ ਇਕ ਵੱਡਾ ਪ੍ਰਾਜੈਕਟ ਉੱਤਰ-ਦੱਖਣੀ ਟਰਾਂਸਪੋਰਟ ਕੋਰੀਡੋਰ (ਆਈ. ਐਨ. ਐਸ. ਟੀ. ਸੀ.) ਵੀ ਸ਼ਾਮਿਲ ਹੈ ਜੋ 7200 ਕਿਲੋਮੀਟਰ ਲੰਬਾ ਹੈ | ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਰੂਸ ਤੋਂ ਹਿੰਦ ਮਹਾਂਸਾਗਰ ਦੇ ਰਾਹੀਂ ਸਾਮਾਨ ਦੀ ਆਵਾਜਾਈ ਸੁਖਾਲੀ ਅਤੇ ਤੇਜ਼ ਹੋ ਜਾਵੇਗੀ |
ਭਾਰਤ ਨੂੰ ਹਥਿਆਰ ਦਿੰਦੇ ਰਹਾਂਗੇ
ਪੁਲਿਸ ਨੇ ਕਿਹਾ ਕਿ ਪਿਛਲੇ 5 ਦਹਾਕਿਆਂ ਤੋਂ ਰੂਸ ਭਾਰਤੀ ਫ਼ੌਜ ਨੂੰ ਹਥਿਆਰ ਦੇਣ ਅਤੇ ਉਸ ਨੂੰ ਆਧੁਨਿਕ ਬਣਾਉਣ 'ਚ ਮਦਦ ਕਰਦਾ ਰਿਹਾ ਹੈ | ਉਨ੍ਹਾਂ ਦੋਵਾਂ ਦੇਸ਼ਾਂ ਦੇ ਹੁਣ ਤੱਕ ਦੇ ਸੰਬੰਧਾਂ 'ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਭਾਰਤ ਨੂੰ ਹਥਿਆਰ ਦੇਣਾ ਜਾਰੀ ਰੱਖਾਂਗੇ |
'ਗਾਰਡ ਆਫ਼ ਆਨਰ'
ਭਾਰਤ ਦੇ ਦੋ ਦਿਨਾ ਦੌਰੇ 'ਤੇ ਆਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸ਼ੁੱਕਰਵਾਰ ਸਵੇਰੇ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਮੌਜੂਦਗੀ 'ਚ ਤਿੰਨੇ ਫ਼ੌਜਾਂ ਵਲੋਂ 21 ਤੋਪਾਂ ਦੀ ਸਲਾਮੀ ਦੇ ਕੇ 'ਗਾਰਡ ਆਫ਼ ਆਨਰ' ਦਿੱਤਾ ਗਿਆ | ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਸੀ. ਡੀ. ਐਸ. ਜਨਰਲ ਅਨਿਲ ਚੌਹਾਨ ਸਮੇਤ ਕਈ ਸ਼ਖ਼ਸੀਅਤਾਂ ਮੌਜੂਦ ਸਨ |
ਮੁਕਤ ਵਪਾਰ ਸਮਝੌਤੇ ਦੀ ਗੱਲਬਾਤ ਸ਼ੁਰੂ-ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੋਵਾਂ ਦੇਸ਼ਾਂ ਦੀ ਨੇੜਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਅਤੇ ਯੂਰੇਸ਼ੀਅਨ ਇਕੋਨਾਮਿਕ ਯੂਨੀਅਨ ਦਰਮਿਆਨ ਮੁਕਤ ਵਪਾਰ ਸਮਝੌਤੇ 'ਤੇ ਗੱਲਬਾਤ ਸ਼ੁਰੂ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਟੈਰਿਫ ਅਤੇ ਨਾਨ ਟੈਰਿਫ ਰੁਕਾਵਟਾਂ ਨੂੰ ਤੇਜ਼ੀ ਨਾਲ ਘੱਟ ਕੀਤਾ ਜਾ ਰਿਹਾ ਹੈ | ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵਲੋਂ 2030 ਤੱਕ 100 ਅਰਬ ਅਮਰੀਕੀ ਡਾਲਰ ਦਾ ਵਪਾਰ ਟੀਚਾ ਸਮੇਂ ਤੋਂ ਪਹਿਲਾਂ ਹੀ ਹਾਸਿਲ ਕਰ ਲਿਆ ਜਾਵੇਗਾ | ਮੋਦੀ ਨੇ ਇਲੈਕਟ੍ਰਾਨਿਕ ਵਾਹਨਾਂ ਦੇ ਨਿਰਮਾਣ, ਆਟੋਮੋਟਿਵ ਉਪਕਰਨਾਂ ਅਤੇ ਵਾਇਰਲੈਸ ਮੋਬਾਲਿਟੀ ਦੇ ਖੇਤਰਾਂ 'ਚ ਦੋਵਾਂ ਦੇਸ਼ਾਂ ਦੀ ਭਾਈਵਾਲੀ ਦਾ ਹੋਕਾ ਦਿੰਦਿਆਂ ਕਿਹਾ ਕਿ ਇਸ ਨਾਲ ਨਾ ਸਿਰਫ਼ ਦੋਵਾਂ ਦੇਸ਼ਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ, ਸਗੋਂ ਇਸ ਨਾਲ ਆਲਮੀ ਦੱਖਣੀ ਖਾਸ ਤੌਰ 'ਤੇ ਅਫਰੀਕਾ ਦੇ ਵਿਕਾਸ ਵਿਚ ਵੀ ਯੋਗਦਾਨ ਪਾਇਆ ਜਾ ਸਕੇਗਾ | ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਦਰਮਿਆਨ ਵੈਕਸੀਨ ਦੇ ਨਿਰਮਾਣ, ਕੈਂਸਰ ਥੈਰੇਪੀ ਅਤੇ ਏ. ਪੀ. ਆਈ. ਸਪਲਾਈ ਚੇਨ 'ਚ ਸਹਿਯੋਗ ਕਰਨ ਦਾ ਵੀ ਹੋਕਾ ਦਿੱਤਾ |
ਭਾਰਤ ਤੇ ਰੂਸ ਦੀ ਦੋਸਤੀ ਧਰੂ ਤਾਰੇ ਵਾਂਗ-ਮੋਦੀ
ਅਜੀਤ ਡੈਸਕ
06-12-2025