ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਇੰਡੀਗੋ ਸੰਕਟ-ਬੈਕਫੁੱਟ 'ਤੇ ਆਈ ਸਰਕਾਰ, ਵਾਪਸ ਲਏ ਨਿਯਮ

Ad Position 21
No active advertisement
ਅਜੀਤ ਡੈਸਕ 06-12-2025

1200 ਤੋਂ ਵੱਧ ਉਡਾਣਾਂ ਰੱਦ, ਮੁਸਾਫਿਰ ਹੋਏ ਖੱਜਲ-ਖੁਆਰ
ਨਵੀਂ ਦਿੱਲੀ, 5 ਦਸੰਬਰ (ਉਪਮਾ ਡਾਗਾ ਪਾਰਥ)-ਏਅਰਲਾਈਨਜ਼ ਕੰਪਨੀ ਇੰਡੀਗੋ ਵਲੋਂ ਪਿਛਲੇ 4 ਦਿਨਾਂ 'ਚ 1200 ਤੋਂ ਵੱਧ ਉਡਾਣਾਂ ਰੱਦ ਹੋਣ ਕਾਰਨ ਬੈਕਫੁੱਟ 'ਤੇ ਆਈ ਸਰਕਾਰ ਵਲੋਂ ਨਾ ਸਿਰਫ਼ ਪਾਇਲਟਾਂ ਸੰਬੰਧੀ ਆਦੇਸ਼ ਨੂੰ ਵਾਪਿਸ ਲੈ ਲਿਆ ਹੈ, ਸਗੋਂ ਇਸ ਸੰਬੰਧ 'ਚ ਉੱਚ ਪੱਧਰੀ ਜਾਂਚ ਦੇ ਆਦੇਸ਼ ਵੀ ਦਿੱਤੇ ਗਏ ਹਨ | ਹਾਲਾਂਕਿ ਇੰਡੀਗੋ ਦੇ ਸੀ.ਈ.ਓ. ਵਲੋਂ ਹਾਲਾਤ ਠੀਕ ਹੋਣ 'ਚ ਸਮਾਂ ਲੱਗਣ ਦੀ ਪੇਸ਼ੀਨਗੋਈ ਕੀਤੀ ਗਈ ਹੈ |
10 ਫਰਵਰੀ ਤੱਕ ਆਰਜ਼ੀ ਰਾਹਤ
ਇੰਡੀਗੋ ਵਲੋਂ ਬਣ ਆਏ ਹਵਾਈ ਯਾਤਰਾ ਦੇ ਸੰਕਟ ਦੇ ਪਿਛੋਕੜ 'ਚ ਪਾਇਲਟਾਂ ਦੇ ਛੁੱਟੀ ਲੈਣ ਬਾਰੇ ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਵਲੋਂ ਜਾਰੀ ਉਹ ਆਦੇਸ਼ ਜਿਸ 'ਚ ਪਾਇਲਟਾਂ ਦੇ ਹਫ਼ਤੇਵਾਰ ਉਡਾਣ ਦੇ ਮੌਜੂਦਾ ਵੱਧ ਤੋਂ ਵੱਧ 48 ਘੰਟਿਆਂ ਨੂੰ ਘਟਾ ਕੇ 36 ਘੰਟੇ ਕਰ ਦਿੱਤਾ ਗਿਆ ਸੀ | ਮੁਸਾਫਿਰਾਂ ਦੀਆਂ ਦਿੱਕਤਾਂ ਨੂੰ ਵੇਖਦਿਆਂ ਡੀ.ਜੀ.ਸੀ.ਏ. ਨੇ ਏਅਰਲਾਈਨ ਖ਼ਾਸ ਤੌਰ 'ਤੇ ਇੰਡੀਗੋ ਨੂੰ 10 ਫਰਵਰੀ 2026 ਤੱਕ ਆਰਜ਼ੀ ਰਾਹਤ ਦੇ ਦਿੱਤੀ ਹੈ | ਡੀ.ਜੀ.ਸੀ.ਏ. ਨੇ ਵੀਕਲੀ ਰੈਸਟ ਬਾਰੇ ਸਾਰੇ ਆਪਰੇਟਰਾਂ ਨੂੰ ਦਿੱਤੇ ਗਏ ਨਿਰਦੇਸ਼ ਵਾਪਿਸ ਲੈ ਲਏ ਅਤੇ ਚਿੱਠੀ ਲਿਖ ਕੇ ਸਾਰੀਆਂ ਪਾਇਲਟ ਐਸੋਸੀਏਸ਼ਨਾਂ ਅਤੇ ਪਾਇਲਟਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ | ਡੀ.ਜੀ.ਸੀ.ਏ. ਨੇ ਏਅਰਲਾਈਨ ਨੂੰ ਨੈੱਟਵਰਕ ਠੀਕ ਕਰਨ ਲਈ ਮਦਦ ਵਜੋਂ ਰਾਤ ਦੀ ਡਿਊਟੀ ਦੀਆਂ ਜ਼ਰੂਰੀ ਪਾਬੰਦੀਆਂ 'ਤੇ ਵੀ ਸ਼ਰਤਾਂ ਸਮੇਤ ਛੋਟ ਦੇ ਦਿੱਤੀ ਹੈ | ਰੈਗੂਲੇਟਰ ਨੇ ਇੰਡੀਗੋ ਦੇ ਪਾਇਲਟਾਂ ਨੂੰ 6 ਰਾਤਾਂ ਲੈਂਡਿੰਗ ਤੱਕ ਕਰਨ ਦੀ ਇਜਾਜ਼ਤ ਦਿੱਤੀ ਹੈ, ਜੋ ਮੌਜੂਦਾ ਫਲਾਈਟ ਡਿਊਟੀ ਟਾਈਮ ਲਿਮੀਟੇਸ਼ਨ (ਐਫ. ਡੀ. ਟੀ. ਐਲ.) ਨੇਮਾਂ ਤੋਂ ਕਾਫੀ ਰਾਹਤ ਹੈ, ਜਿਸ ਦੇ ਤਹਿਤ ਹਰ ਪਾਇਲਟ ਸਿਰਫ਼ 2 ਰਾਤਾਂ ਲੈਂਡਿੰਗ ਕਰ ਸਕਦਾ ਹੈ | ਡੀ.ਜੀ.ਸੀ.ਏ. ਵਲੋਂ ਇਹ ਛੋਟ ਆਰਜ਼ੀ ਤੌਰ 'ਤੇ ਆਪ੍ਰੇਸ਼ਨਸ ਨੂੰ ਸਥਿਰ ਕਰਨ ਲਈ ਦਿੱਤੀ ਗਈ ਹੈ ਅਤੇ ਇਸ ਨੂੰ ਸੁਰੱਖਿਆ ਮਾਸਕਾਂ 'ਚ ਢਿੱਲ ਨਹੀਂ ਮੰਨਿਆ ਜਾਵੇਗਾ | ਇਹ ਛੋਟ 10 ਫਰਵਰੀ, 2026 ਤੱਕ ਦਿੱਤੀ ਜਾਵੇਗੀ | ਇਸ ਦੀ ਹਰ 15 ਦਿਨਾਂ 'ਚ ਸਮੀਖਿਆ ਹੋਵੇਗੀ ਅਤੇ ਇੰਡੀਗੋ ਵਲੋਂ ਭੇਜੀ ਜਾਣ ਵਾਲੀ ਰਿਪੋਰਟ 'ਚ ਅਮਲੇ ਦੀ ਵਰਤੋਂ, ਉਪਲਬਧਤਾ ਵਧਾਉਣ ਬਾਰੇ ਚੁੱਕੇ ਕਦਮਾਂ ਦਾ ਵੇਰਵਾ ਦੇਣਾ ਹੋਵੇਗਾ | ਇਸ ਤੋਂ ਇਲਾਵਾ 30 ਦਿਨਾਂ ਦੇ ਅੰਦਰ ਇੰਡੀਗੋ ਨੂੰ ਪੂਰੀ ਤਰ੍ਹਾਂ ਐਫ.ਡੀ.ਟੀ.ਐਲ. ਫੇਸ-l9 ਦੀ ਪਾਲਣਾ ਕਰਨ ਸੰਬੰਧੀ ਰੋਡਮੈਪ ਦੇਣਾ ਹੋਵੇਗਾ |
ਦਿੱਲੀ ਤੋਂ ਰੱਦ ਹੋਈਆਂ ਸਭ ਤੋਂ ਵੱਧ ਉਡਾਣਾਂ
ਇੰਡੀਗੋ ਦੀ ਅਵਿਵਸਥਾ ਦਾ ਸਭ ਤੋਂ ਵੱਧ ਅਸਰ ਦਿੱਲੀ ਹਵਾਈ ਅੱਡੇ 'ਤੇ ਵੇਖਣ ਨੂੰ ਮਿਲਿਆ | ਹਾਸਿਲ ਜਾਣਕਾਰੀ ਮੁਤਾਬਿਕ ਦਿੱਲੀ ਤੋਂ 225 ਉਡਾਣਾਂ ਰੱਦ ਹੋਈਆਂ ਹਨ | ਇੰਡੀਗੋ ਨੇ ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ ਸਾਰੀਆਂ ਘਰੇਲੂ ਉਡਾਣਾਂ ਸ਼ੁੱਕਰਵਾਰ ਰਾਤ 12 ਵਜੇ ਤੱਕ ਰੱਦ ਕਰ ਦਿੱਤੀਆਂ ਹਨ | ਹਵਾਈ ਅੱਡੇ 'ਤੇ ਭੀੜ ਇੰਨੀ ਜ਼ਿਆਦਾ ਵਧ ਗਈ ਕਿ ਮੁਸਾਫਿਰ ਫਰਸ਼ ਅਤੇ ਪੌੜੀਆਂ 'ਤੇ ਬੈਠ ਕੇ ਕਈ ਘੰਟੇ ਉਡਾਣਾਂ ਦੀ ਉਡੀਕ ਕਰਦੇ ਰਹੇ | ਮੰਤਰਾਲੇ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਅੱਧੀ ਰਾਤ ਤੋਂ ਸਾਰੀਆਂ ਉਡਾਣਾਂ ਦੇ ਸ਼ਡਿਊਲ ਸਥਿਰ ਹੋਣ ਲੱਗਣਗੇ ਅਤੇ ਸੇਵਾਵਾਂ ਹੌਲੀ-ਹੌਲੀ ਬਹਾਲ ਹੋ ਜਾਣਗੀਆਂ | ਪਰ ਇੰਡੀਗੋ ਦੇ ਸੀ.ਈ.ਓ. ਪੀਟਰ ਐਲਬਰਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਹਾਲਾਤ ਨੂੰ ਨਾਰਮਲ ਹੋਣ 'ਚ ਸਮਾਂ ਲਗ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਰੂਸ ਦੀ ਦੋਸਤੀ ਧਰੂ ਤਾਰੇ ਵਾਂਗ-ਮੋਦੀ ਅਗਲੀ ਖ਼ਬਰ ਰਿਜ਼ਰਵ ਬੈਂਕ ਨੇ ਨੀਤੀਗਤ ਵਿਆਜ ਦਰ ਘਟਾਈ-ਕਰਜ਼ੇ ਹੋਣਗੇ ਸਸਤੇ
Ad Position 24
No active advertisement