ਨਵੀਂ ਦਿੱਲੀ, 18 ਦਸੰਬਰ (ਪੀ. ਟੀ. ਆਈ.)-ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਨੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੇ ਦੋਸ਼ੀ ਉਮਰ-ਉਨ-ਨਬੀ ਦੇ ਇੱਕ ਕਰੀਬੀ ਸਾਥੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਨਾਲ 'ਵ੍ਹਾਈਟ-ਕਾਲਰ' ਅੱਤਵਾਦੀ ਮਾਡਿਊਲ ਵਿਚ ਗਿ੍ਫ਼ਤਾਰੀਆਂ ਦੀ ਕੁੱਲ ਗਿਣਤੀ 9 ਹੋ ਗਈ ਹੈ | ਜਿਸ ਨੂੰ ਅੱਜ ਦਿੱਲੀ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਉਸ ਨੂੰ 26 ਦਸੰਬਰ ਤੱਕ ਪੁੱਛਗਿੱਛ ਲਈ ਐਨ.ਆਈ.ਏ ਦੀ ਹਿਰਾਸਤ 'ਚ ਭੇਜ ਦਿੱਤਾ ਹੈ | ਜਾਂਚ ਏਜੰਸੀ ਨੇ ਇਕ ਬਿਆਨ 'ਚ ਦੱਸਿਆ ਕਿ ਜੰਮੂ-ਕਸ਼ਮੀਰ ਦੇ ਸ਼ੋਪੀਆਂ ਦੇ ਰਹਿਣ ਵਾਲੇ ਦੋਸ਼ੀ ਯਾਸਿਰ ਅਹਿਮਦ ਡਾਰ ਨੂੰ ਦਿੱਲੀ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਜਾਂਚ ਤੋਂ ਪਤਾ ਲੱਗਾ ਹੈ ਕਿ 10 ਨਵੰਬਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦੀ ਸਾਜ਼ਿਸ਼ ਵਿਚ ਦੋਸ਼ੀ ਡਾਰ ਦੀ ਸਰਗਰਮ ਭੂਮਿਕਾ ਸੀ | ਅਧਿਕਾਰੀਆਂ ਨੇ ਦੱਸਿਆ ਕਿ ਡਾਰ ਇਸ ਮਾਮਲੇ ਦੇ ਹੋਰ ਦੋਸ਼ੀਆਂ ਨਾਲ ਨੇੜਲੇ ਸੰਪਰਕ ਵਿਚ ਸੀ, ਜਿਨ੍ਹਾਂ ਵਿੱਚ ਬੰਬ ਧਮਾਕੇ ਦਾ ਮਿ੍ਤਕ ਦੋਸ਼ੀ ਉਮਰ-ਉਨ-ਨਬੀ ਅਤੇ ਇੱਕ ਮੁੱਖ ਸਾਜ਼ਿਸ਼ਕਰਤਾ ਮੁਫਤੀ ਇਰਫਾਨ ਸ਼ਾਮਿਲ ਹਨ | ਇਸ ਤੋਂ ਪਹਿਲਾਂ ਐਨ.ਆਈ.ਏ ਨੇ ਅੱਠ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਸੀ, ਜਿਨ੍ਹਾਂ ਵਿਚ ਚਾਰ ਡਾਕਟਰ ਡਾ. ਮੁਜ਼ਮਿਲ ਗਨੀ, ਡਾ. ਅਦੀਲ ਰਾਥਰ, ਡਾ. ਸ਼ਾਹੀਨ ਸਈਦ ਅਤੇ ਡਾ. ਬਿਲਾਲ ਨਸੀਰ ਮੱਲਾ ਅਤੇ ਧਾਰਮਿਕ ਪ੍ਰਚਾਰਕ ਮੌਲਵੀ ਇਰਫਾਨ ਸ਼ਾਮਿਲ ਹਨ | ਦੋ ਹੋਰ ਦੋਸ਼ੀਆਂ ਅਮੀਰ ਰਾਸ਼ਿਦ ਅਲੀ ਅਤੇ ਜਸਿਰ ਬਿਲਾਲ ਵਾਨੀ ਉਰਫ਼ ਦਾਨਿਸ਼ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ |