ਕਾਂਗਰਸਸ਼੍ਰੋਮਣੀ ਅਕਾਲੀ ਦਲ ਰਹੇ ਪਿੱਛੇ
ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 18 ਦਸੰਬਰ-ਪੰਜਾਬ 'ਚ 14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਸੂਬੇ ਦੀ ਸਿਆਸਤ 'ਚ ਵੱਡੇ ਬਦਲਾਅ ਵਜੋਂ ਦੇਖੇ ਜਾ ਰਹੇ ਹਨ | ਆਮ ਆਦਮੀ ਪਾਰਟੀ (ਆਪ) ਨੇ ਦੋਹਾਂ ਹੀ ਪੱਧਰਾਂ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ਕੀਤਾ ਹੈ, ਜਿਸ ਨਾਲ ਸੂਬਾ ਸਰਕਾਰ ਦੀ ਸਥਿਤੀ ਮਜ਼ਬੂਤ ਹੋਣ ਦੇ ਆਸਾਰ ਜਤਾਏ ਜਾ ਰਹੇ ਹਨ | ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ 346 ਜ਼ੋਨਾਂ ਲਈ ਹੋਈਆਂ ਚੋਣਾਂ 'ਚ 'ਆਪ' ਨੇ 218 ਜ਼ੋਨਾਂ 'ਤੇ ਜਿੱਤ ਦਰਜ਼ ਕੀਤੀ | ਕਾਂਗਰਸ ਪਾਰਟੀ 62 ਜ਼ੋਨਾਂ ਨਾਲ ਦੂਜੇ ਨੰਬਰ 'ਤੇ ਰਹੀ, ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ 46 ਜ਼ੋਨਾਂ 'ਚ ਸਫਲਤਾ ਮਿਲੀ | ਉੱਥੇ ਹੀ ਭਾਜਪਾ ਉਮੀਦਵਾਰਾਂ ਨੇ 7 ਜ਼ੋਨਾਂ 'ਤੇ ਜਿੱਤ ਦਰਜ਼ ਕਰਾਈ, ਜਦਕਿ ਹੋਰ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੇ 13 ਜ਼ੋਨਾਂ 'ਤੇ ਕਾਮਯਾਬੀ ਹਾਸਲ ਕੀਤੀ | ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਜ਼ੋਨ ਤੋਂ ਕਿਸੇ ਵੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਸਹੀ ਨਾ ਪਾਏ ਜਾਣ 'ਤੇ ਇੱਥੇ ਚੋਣ ਨਹੀਂ ਕਰਵਾਈ ਗਈ ਸੀ | ਇਸ ਤੋਂ ਇਲਾਵਾ ਮੁਹਾਲੀ ਦੇ ਕੁੱਝ ਇਲਾਕੇ ਨਗਰ ਨਿਗਮ 'ਚ ਸ਼ਾਮਿਲ ਕੀਤੇ ਜਾਣ ਕਾਰਨ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ 357 ਤੋਂ ਘੱਟ ਕੇ 347 ਰਹਿ ਗਏ ਸਨ | ਇਸੇ ਤਰ੍ਹਾਂ ਬਲਾਕ ਸੰਮਤੀ ਦੀਆਂ 2838 ਦੀਆਂ ਜ਼ੋਨਾਂ 'ਚੋਂ 2486 ਜ਼ੋਨਾਂ ਲਈ ਹੋਈਆਂ ਚੋਣਾਂ 'ਚ ਵੀ 'ਆਪ' ਨੇ ਆਪਣਾ ਦਬਦਬਾ ਕਾਇਮ ਰੱਖਿਆ | ਨਤੀਜਿਆਂ ਅਨੁਸਾਰ 'ਆਪ' 1529 ਜ਼ੋਨਾਂ 'ਤੇ ਜੇਤੂ ਰਹੀ | ਕਾਂਗਰਸ ਨੂੰ 611, ਸ਼੍ਰੋਮਣੀ ਅਕਾਲੀ ਦਲ ਨੂੰ 449 ਅਤੇ ਭਾਜਪਾ ਨੂੰ 73 ਜ਼ੋਨਾਂ 'ਤੇ, ਬਸਪਾ ਨੂੰ 28 ਜ਼ੋਨਾਂ 'ਤੇ ਅਤੇ ਆਜ਼ਾਦ ਉਮੀਦਵਾਰ 172 ਜ਼ੋਨਾਂ 'ਤੇ ਜੇਤੂ ਰਹੇ | 2838 ਜ਼ੋਨਾਂ 'ਚੋਂ 352 ਜ਼ੋਨਾਂ 'ਤੇ ਸਰਬਸੰਮਤੀ ਨਾਲ ਹੋਈ ਚੋਣ ਦੇ ਚੱਲਦਿਆਂ 2486 ਜ਼ੋਨਾਂ ਲਈ ਵੋਟਿੰਗ ਕਰਾਈ ਗਈ ਸੀ | ਜਦਕਿ 352 ਜ਼ੋਨਾਂ ਤਹਿਤ ਆਪ ਨੇ 339, ਕਾਂਗਰਸ ਨੇ 03 ਤੇ 10 ਜ਼ੋਨਾਂ 'ਤੇ ਆਜ਼ਾਦ ਉਮੀਦਵਾਰ ਸਰਬਸੰਮਤੀ ਨਾਲ ਚੁਣੇ ਗਏ ਸਨ | ਜ਼ਿਲ੍ਹਾਵਾਰ ਨਤੀਜਿਆਂ 'ਚ ਅੰਮਿ੍ਤਸਰ, ਹੁਸ਼ਿਆਰਪੁਰ, ਪਟਿਆਲਾ, ਤਰਨ ਤਾਰਨ, ਸੰਗਰੂਰ ਤੇ ਗੁਰਦਾਸਪੁਰ ਸਮੇਤ ਕਈ ਜ਼ਿਲਿ੍ਹਆਂ 'ਚ 'ਆਪ' ਨੇ ਵੱਡੀ ਲੀਡ ਬਣਾਈ, ਜਦਕਿ ਕੁੱਝ ਜ਼ਿਲਿ੍ਹਆਂ 'ਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਮਿਲੀ-ਜੁਲੀ ਸਫਲਤਾ ਮਿਲੀ | ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਨਤੀਜੇ ਚਿੰਤਾਜਨਕ ਮੰਨੇ ਜਾ ਰਹੇ ਹਨ | ਕਈ ਸੀਨੀਅਰ ਆਗੂਆਂ ਦੀ ਹਾਰ ਨੇ ਪਾਰਟੀਆਂ ਦੇ ਅੰਦਰੂਨੀ ਮਸਲਿਆਂ ਤੇ ਗੱਠਜੋੜ ਦੀ ਕਮੀ ਨੂੰ ਉਜਾਗਰ ਕੀਤਾ ਹੈ | ਸਿਆਸੀ ਮਾਹਿਰਾਂ ਮੁਤਾਬਿਕ ਇਨ੍ਹਾਂ ਚੋਣ ਨਤੀਜਿਆਂ ਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਵੀ ਪੈ ਸਕਦਾ ਹੈ | ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਪੱਧਰ 'ਤੇ ਮਿਲੀ ਇਸ ਵੱਡੀ ਜਿੱਤ ਨਾਲ 'ਆਪ' ਨੂੰ ਜ਼ਮੀਨੀ ਪੱਧਰ 'ਤੇ ਆਪਣੀ ਪਕੜ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ, ਜਦਕਿ ਵਿਰੋਧੀ ਪਾਰਟੀਆਂ ਲਈ ਇਹ ਨਤੀਜੇ ਰਣਨੀਤੀ 'ਤੇ ਮੁੜ ਵਿਚਾਰ ਕਰਨ ਦੀ ਚਿਤਾਵਨੀ ਵਜੋਂ ਦੇਖੇ ਜਾ ਰਹੇ ਹਨ |
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਦੀ ਵੱਡੀ ਚੜ੍ਹਤ
ਅਜੀਤ ਡੈਸਕ
19-12-2025